ਕੰਢੀ ਖੇਤਰ ’ਚ 20 ਕਰੋੜ ਦੀ ਲਾਗਤ ਨਾਲ ਬਣਨਗੇ 3 ਪੁਲ : ਡਾ. ਚੱਬੇਵਾਲ
ਕੰਢੀ ਖੇਤਰ ’ਚ 20 ਕਰੋੜ ਦੀ ਲਾਗਤ ਨਾਲ ਬਣਨਗੇ ਤਿੰਨ ਪੁੱਲ : ਡਾ. ਰਾਜ ਕੁਮਾਰ ਚੱਬੇਵਾਲ
Publish Date: Thu, 21 May 2026 06:47 PM (IST)
Updated Date: Fri, 22 May 2026 04:14 AM (IST)

ਬੱਡਲਾ ਚੋਅ, ਮਾਂਝੀ ਚੋਅ ਅਤੇ ਭੰਗੀ ਚੋਅ ’ਤੇ ਬਣਨਗੇ 3 ਬ੍ਰਿਜ, ਪੰਜਾਬ ਸਰਕਾਰ ਨੇ ਫੰਡ ਕੀਤੇ ਜਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੌਮੀ ਕਨਵੀਨਰ ਕੇਜਰੀਵਾਲ ਦਾ ਕੀਤਾ ਧੰਨਵਾਦ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ’ਚ ਬਿਹਤਰ ਆਵਾਜਾਈ ਅਤੇ ਲੋਕਾਂ ਨੂੰ ਵੱਡੀ ਸੁਵਿਧਾ ਦਿੰਦੇ ਹੋਏ ਤਿੰਨ ਵੱਡੇ ਪੁੱਲਾਂ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਲਈ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਵਲੋਂ 20 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਗਏ ਹਨ। ਪਿੰਡ ਡਾਡਾ ਵਿਚ ਹੋਏ ਵਿਸ਼ਾਲ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਤਿੰਨ ਬ੍ਰਿਜ ਬੱਡਲਾ ਚੋਅ, ਮਾਂਝੀ ਚੋਅ ਅਤੇ ਭੰਗੀ ਚੋਅ ’ਤੇ ਬਣਨਗੇ ਜਿਨ੍ਹਾਂ ਦਾ ਨਿਰਮਾਣ ਕਾਰਜ ਕੁਝ ਹੀ ਦਿਨਾਂ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁੱਲ ਕੰਢੀ ਖੇਤਰ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਣਗੇ, ਕਿਉਂਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਕਿ ਉਨ੍ਹਾਂ ਨੂੰ ਇਹ ਸੁਵਿਧਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦ ਉਹ ਵਿਧਾਇਕ ਸਨ, ਉਸ ਸਮੇਂ ਤੋਂ ਇਨ੍ਹਾਂ ਪੁੱਲਾਂ ਦੀ ਮੰਗ ਚਲੀ ਆ ਰਹੀ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਕੰਮ ਨੂੰ ਅੰਤਿਮ ਰੂਪ ਦਿੰਦੇ ਹੋਏ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ। ਕੰਢੀ ਖੇਤਰ ਵਿਚ ਮਾਨਸੂਨ ਅਤੇ ਬਾਰਸ਼ ਦੇ ਦਿਨਾਂ ਵਿਚ ਇਨ੍ਹਾਂ ਪੁੱਲਾਂ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦੇ ਹੋਏ ਸੰਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਨ੍ਹਾਂ ਪੁਲਾਂ ਦਾ ਨਿਰਮਾਣ ਹੋਣ ਉਪਰੰਤ ਲੋਕਾਂ ਨੂੰ ਹਰ ਸਾਲ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਪੂਰਨ ਤੌਰ ’ਤੇ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਬੱਡਲਾ ਚੋਅ ’ਤੇ 6.46 ਕਰੋੜ ਦੀ ਲਾਗਤ ਨਾਲ, ਮਾਂਝੀ ਚੋਅ ’ਤੇ 5.93 ਕਰੋੜ ਦੀ ਲਾਗਤ ਨਾਲ, ਭੰਗੀ ਚੋਅ ’ਤੇ 8.11 ਕਰੋੜ ਰੁਪਏ ਦੀ ਲਾਗਤ ਨਾਲ ਪੁੱਲਾਂ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਕੰਢੀ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸੜਕਾਂ ਦਾ ਨਵੀਨੀਕਰਨ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਜਿਸ ਤਹਿਤ ਜ਼ਿਆਦਾਤਰ ਸੜਕਾਂ 18 ਫੁੱਟ ਚੌੜਾਈ ਵਾਲੀਆਂ ਬਣਾਈਆਂ ਜਾ ਰਹੀਆਂ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੋਕ ਸਭਾ ਮੈਂਬਰ ਡਾ. ਚੱਬੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੇ ਹਿੱਤ ਵਿਚ ਕੰਮ ਕੀਤਾ ਹੈ ਚਾਹੇ ਉਦਯੋਗਿਕ, ਕਿਸਾਨੀ, ਬਿਜਲੀ ਖੇਤਰ, ਸਮਾਜਿਕ ਸੁਰੱਖਿਆ, ਸਿੱਖਿਆ, ਸਿਹਤ ਜਾਂ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਹੋਵੇ। ਇਸ ਮੌਕੇ ਡਾ. ਜਤਿੰਦਰ ਕੁਮਾਰ, ਸਰਪੰਚ ਸੁਰਿੰਦਰ ਸਿੰਘ, ਕਸ਼ਮੀਰੀ ਲਾਲ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।