ਲਿਫਟਿੰਗ ਨਾ ਹੋਣ ਦੇ ਵਿਰੋਧ ’ਚ ਆੜ੍ਹਤੀਆਂ-ਮਜ਼ਦੂਰਾਂ ਲਾਇਆ ਧਰਨਾ
ਲਿਫਟਿੰਗ ਨਾ ਹੋਣ ਦੇ ਵਿਰੋਧ ਚ, ਆੜਤੀਆਂ ਮਜ਼ਦੂਰਾਂ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ
Publish Date: Thu, 21 May 2026 05:45 PM (IST)
Updated Date: Fri, 22 May 2026 04:10 AM (IST)

ਸ੍ਰੀ ਹਰਗੋਬਿੰਦਪੁਰ ਸੜਕ ਜਾਮ ਕਰ ਕੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਬਲਾਕ ਟਾਂਡਾ ਅਧੀਨ ਪੈਂਦੇ ਜਲਾਲਪੁਰ ਅਨਾਜ ਮੰਡੀ ਤੋਂ ਖਰੀਦੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਦੇ ਵਿਰੋਧ ਵਿੱਚ ਆੜਤੀਆਂ ਅਤੇ ਮਜ਼ਦੂਰਾਂ ਨੇ ਬਿਆਸ ਦਰਿਆ ਪੁਲ ਨੇੜੇ ਟਾਂਡਾ ਸ੍ਰੀ ਹਰਗੋਬਿੰਦਪੁਰ ਸੜਕ ਜਾਮ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਆੜਤੀਆਂ ਦੇ ਪ੍ਰਧਾਨ ਜਰਨੈਲ ਸਿੰਘ ਭੂਲਪੁਰ, ਸੁਖਵਿੰਦਰ ਸਿੰਘ ਗੁੱਜਰ, ਲਖਵੀਰ ਸਿੰਘ ਲੱਖੀ, ਕੁਲਜੀਤ ਸਿੰਘ ਬਿੱਟੂ, ਅਮਰੀਕ ਸਿੰਘ ਭੂਲਪੁਰ, ਅਮਰੀਕ ਸਿੰਘ ਜਲਾਲਪੁਰ ਆਦਿ ਨੇ ਕਿਹਾ ਕਿ ਕਣਕ ਦਾ ਖਰੀਦ ਸੀਜ਼ਨ ਖਤਮ ਹੋਏ ਨੂੰ ਬਹੁਤ ਸਮਾਂ ਹੋ ਗਿਆ ਹੈ ਪਰ ਜਲਾਲਪੁਰ ਮੰਡੀ ਦੇ ਵੱਖ-ਵੱਖ ਆੜਤੀਆਂ ਕੋਲ ਅਜੇ ਵੀ ਮਾਰਕਫੈੱਡ ਅਤੇ ਪਨਸਪ ਵੱਲੋਂ ਖਰੀਦੀ ਗਈ ਕਣਕ ਦੀਆਂ ਲਗਭਗ 35,000 ਬੋਰੀਆਂ ਲਿਫਟਿੰਗ ਲਈ ਪੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ-ਨਾਲ ਮਜ਼ਦੂਰ ਵੀ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਵਿਗੜ ਰਹੇ ਮੌਸਮ, ਤੇਜ਼ ਗਰਮੀ, ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਆੜਤੀਆਂ ਵਲੋਂ ਮੰਡੀ ’ਚ ਸਟੋਰ ਕੀਤੀ ਕਣਕ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ। ਇਸ ਦੇ ਨਾਲ ਹੀ ਮੰਡੀ ’ਚ ਕੰਮ ਕਰਦੇ ਮਜ਼ਦੂਰ ਵੀ ਆਪਣੇ ਪਿੰਡਾਂ ਨੂੰ ਜਾਣ ਲਈ ਜ਼ਿੱਦ ਕਰ ਰਹੇ ਹਨ, ਜੇਕਰ ਮਜ਼ਦੂਰ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਹਨ ਤਾਂ ਕਣਕ ਕਿਵੇਂ ਚੁੱਕੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਕਣਕ ਦੀ ਲਿਫਟਿੰਗ ਨਾ ਹੋਈ ਤਾਂ ਉਹ ਸੰਘਰਸ਼ ਕਰਨ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪਹੁੰਚੇ ਤਹਿਸੀਲਦਾਰ ਟਾਂਡਾ ਮੁਨੀਸ਼ ਕੁਮਾਰ ਅਤੇ ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਵਲੋਂ ਆੜਤੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਣਕ ਜਲਦੀ ਚੁੱਕੀ ਜਾਵੇਗੀ, ਜਿਸ ਤੋਂ ਬਾਅਦ ਧਰਨਾਕਾਰੀਆਂ ਜਾਮ ਖੋਲ੍ਹ ਦਿੱਤਾ ਗਿਆ। ਇਸ ਸਬੰਧੀ ਜਦੋਂ ਪਨਸਪ ਦੇ ਖਰੀਦ ਇੰਸਪੈਕਟਰ ਗੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੀਜਨ ਪਨਸਪ ਅਤੇ ਮਾਰਕਫੈੱਡ ਨੂੰ ਆਪਣੀ ਸਮਰੱਥਾ ਤੋਂ ਵੱਧ ਕਰਣ ਦੀ ਖਰੀਦ ਕੀਤੀ ਹੈ , ਜਿਸ ਕਾਰਨ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦੀ ਸਮੱਸਿਆਂ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਵਿੱਚ ਕਣਕ ਦੀ ਲਿਫਟਿੰਗ ਹੋ ਜਾਵੇਗੀ।