‘ਆਪ’ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ : ਚੁੱਘ
ਬੀਜੇਪੀ ਵੱਲੋਂ ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਦੌਰਾਨ ਕੀਤੀ ਗਈ ਮੀਟਿੰਗ
Publish Date: Thu, 21 May 2026 05:23 PM (IST)
Updated Date: Fri, 22 May 2026 04:07 AM (IST)

ਭਾਜਪਾ ਨੇ ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਦੌਰਾਨ ਕੀਤੀ ਮੀਟਿੰਗ ਕਮਲ, ਪੰਜਾਬੀ ਜਾਗਰਣ, ਹਰਿਆਣਾ : ਅੱਜ ਨਗਰ ਕੌਂਸਲ ਹਰਿਆਣਾ ਦੀਆਂ ਆਉਣ ਵਾਲੀਆਂ ਚੋਣਾਂ ਦੇ ਸੰਬੰਧ ਵਿੱਚ ਹਲਕਾ ਸ਼ਾਮ ਚੌਰਾਸੀ ਦੇ ਕਸਬਾ ਹਰਿਆਣਾ ਵਿਖੇ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ। ਤਰੁਣ ਚੁੱਘ ਦੀ ਪ੍ਰੇਰਨਾਦਾਇਕ ਅਗਵਾਈ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਈ ਅਹਿਮ ਅਤੇ ਮੋਹਤਬਰ ਸ਼ਖਸੀਅਤਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਈਆਂ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਸਨਮਾਨਯੋਗ ਵੀਰਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ, ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਦੀਆਂ ਯੋਜਨਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਗਰੀਬ ਵਰਗਾਂ ਦੇ ਹੱਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਤਰੁਣ ਚੁੱਘ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ’ਤੇ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਡਾ. ਬੀ. ਆਰ. ਅੰਬੇਡਕਰ ਦੇ ਸੰਵਿਧਾਨਕ ਵਿਚਾਰਾਂ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ, ਜਦਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਡਾ. ਅੰਬੇਦਕਰ ਦੀ ਅਣਦੇਖੀ ਕੀਤੀ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਪੰਜਾਬ ਵਿੱਚ “ਡਬਲ ਇੰਜਣ ਸਰਕਾਰ” ਬਣਾਕੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗੀ ਅਤੇ ਗਰੀਬ ਤੇ ਪਿੱਛੜੇ ਵਰਗਾਂ ਲਈ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਭਾਜਪਾ ਵਰਕਰਾਂ ਨੂੰ ਚੋਣਾਂ ਦੌਰਾਨ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਮਲ ਦੇ ਫੁੱਲ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਪੰਜਾਬ ਮੁੱਖ ਸਕੱਤਰ ਰਾਕੇਸ਼ ਰਾਠੌਰ, ਜਿਲਾ ਪ੍ਰਧਾਨ ਨਿਪੁੰਨ ਸ਼ਰਮਾ, ਚੋਣ ਇੰਚਾਰਜ ਵਿਪਨ ਮਹਾਜਨ, ਮੰਡਲ ਪ੍ਰਧਾਨ ਮੁਨੀਸ਼ ਬਸਿਸ਼ਠ, ਜਨੋੜੀ ਮੰਡਲ ਪ੍ਰਧਾਨ ਯੁਵਰਾਜ ਠਾਕੁਰ, ਸਮਿਤੀ ਮੈਂਬਰ ਦਵਿੰਦਰ ਠਾਕੁਰ, ਰਜੀਵ ਕਪਿਲਾ, ਚੰਦਰ ਪ੍ਰਕਾਸ਼, ਰਮੇਨ ਆਨਦ, ਵਿਨੋਦ ਠਾਕੁਰ, ਸਾਬਕਾ ਸਰਪੰਚ ਪਿਆਰਾ ਲਾਲ, ਚੰਦਰਸ਼ੇਖਰ ਗਰਗ, ਰਾਜੀਵ ਡੋਗਰਾ, ਚਰਨਜੀਤ ਸਿੰਘ ਤੇ ਕਈ ਹੋਰ ਹਾਜਰ ਸਨ।