ਜਿਆਣ ਵਿਖੇ ਡਾ. ਇਸ਼ਾਂਕ ਨੇ 73 ਲੱਖ ਲਾਗਤ ਦੀ ਸੜਕ ਦਾ ਕੀਤਾ ਉਦਘਾਟਨ
ਜਿਆਣ ਵਿਖੇ ਡਾ. ਇਸ਼ਾਂਕ ਨੇ 73 ਲੱਖ ਲਾਗਤ ਦੀ ਸੜਕ ਦਾ ਕੀਤਾ ਉਦਘਾਟਨ
Publish Date: Thu, 14 May 2026 03:27 PM (IST)
Updated Date: Thu, 14 May 2026 03:30 PM (IST)
ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਜਿਆਣ ਵਿਖੇ 73 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ 0.94 ਕਿਲੋਮੀਟਰ ਲੰਬੀ ਸੀਮੈਂਟ ਕੰਕਰੀਟ ਦੀ ਬਣਾਈ ਗਈ ਸੜਕ ਦਾ ਉਦਘਾਟਨ ਵਿਧਾਇਕ ਡਾਕਟਰ ਇਸ਼ਾਂਕ ਕੁਮਾਰ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ। ਇਸ ਸੜਕ ਦੀ ਚੌੜਾਈ ਪਹਿਲਾਂ ਦੇ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਗਈ ਹੈ। ਇਸ ਮੌਕੇ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਜਿਆਣ ਦੇ ਆਲੇ-ਦੁਆਲੇ ਸੜਕ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਭਗ 2.22 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਇਸ ਨਵੀਂ ਸੜਕ ਤੋਂ ਇਲਾਵਾ ਜਿਆਣ ਨਾਲ ਜੁੜੀਆਂ ਜ਼ਿਆਦਾਤਰ ਸੜਕਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਜਿਵੇਂ ਕਿ ਮੰਡੀ ਜਿਆਣ ਦੀ ਅਪ੍ਰੋਚ ਰੋਡ, ਜਿਆਣ ਤੋਂ ਹੁਸ਼ਿਆਰਪੁਰ–ਚੰਡੀਗੜ੍ਹ ਰੋਡ ਅਤੇ ਭੀਲੋਵਾਲ ਤੋਂ ਜਿਆਣ ਤੱਕ ਦੀ ਸੜਕ। ਸਿਰਫ ਜਿਆਣ ਤੋਂ ਸੈਦੋ ਪੱਟੀ ਤੱਕ ਦੀ ਸੜਕ ਬਾਕੀ ਹੈ, ਜੋ ਜਲਦੀ ਪੂਰੀ ਕੀਤੀ ਜਾਵੇਗੀ। ਜਿਆਣ ਦੇ ਸਰਪੰਚ ਕਮਲਜੀਤ ਕੌਰ ਨੇ ਪਿੰਡ ਵਾਸੀਆਂ ਵੱਲੋਂ ਡਾ. ਇਸ਼ਾਂਕ ਕੁਮਾਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਲਗਭਗ 40 ਲੱਖ ਰੁਪਏ ਦੀ ਲਾਗਤ ਵਾਲਾ ਸੀਵਰੇਜ ਪ੍ਰੋਜੈਕਟ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪਿੰਡ ਵਾਸੀਆਂ ਨੇ 36 ਲੱਖ ਰੁਪਏ ਦੀ ਗ੍ਰਾਂਟ ਲਈ ਵੀ ਧੰਨਵਾਦ ਕੀਤਾ, ਜੋ ਕਿ ਟਿਊਬਵੈੱਲ ਦੀ ਸਥਾਪਨਾ ਅਤੇ ਸਟੇਡੀਅਮ, ਧਰਮਸ਼ਾਲਾ ਅਤੇ ਛੱਪੜ ਨਾਲ ਸੰਬੰਧਿਤ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਸਨ।