ਹੁਸ਼ਿਆਰਪੁਰ ਪੁਲਿਸ ਦਾ 'ਆਪ੍ਰੇਸ਼ਨ ਕਲੀਨ': ਹਾਜੀਪੁਰ 'ਚ ਕਾਰ 'ਚੋਂ ਨਿਕਲਿਆ ਸ਼ਰਾਬ ਦਾ ਜਖ਼ੀਰਾ, ਗੜ੍ਹਸ਼ੰਕਰ ਤੇ ਚੱਬੇਵਾਲ 'ਚੋਂ 2 ਤਸਕਰ ਗ੍ਰਿਫ਼ਤਾਰ
ਹੁਸ਼ਿਆਰਪੁਰ ਪੁਲਿਸ ਦਾ 'ਆਪ੍ਰੇਸ਼ਨ ਕਲੀਨ': ਹਾਜੀਪੁਰ 'ਚ ਕਾਰ 'ਚੋਂ ਨਿਕਲਿਆ ਸ਼ਰਾਬ ਦਾ ਜਖ਼ੀਰਾ, ਗੜ੍ਹਸ਼ੰਕਰ ਤੇ ਚੱਬੇਵਾਲ 'ਚੋਂ 2 ਤਸਕਰ ਗ੍ਰਿਫ਼ਤਾਰ
Publish Date: Thu, 14 May 2026 03:22 PM (IST)
Updated Date: Thu, 14 May 2026 03:24 PM (IST)

ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੇ ਧੰਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਸਬੰਧੀ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਹਾਜੀਪੁਰ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਨਾਕਾਬੰਦੀ ਦੌਰਾਨ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੁੱਖ ਸਿਪਾਹੀ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਹਰਦੋਖੁੰਦਪੁਰ ਵਿਖੇ ਗਸ਼ਤ ਤੇ ਸੀ। ਇਸ ਦੌਰਾਨ ਮਾਨਸਰ ਵਾਲੀ ਸਾਈਡ ਤੋਂ ਆ ਰਹੀ ਇੱਕ ਕਾਰ ਨੂੰ ਜਦੋਂ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਚਾਲਕ ਗੱਡੀ ਛੱਡ ਕੇ ਹਨੇਰੇ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਡਿੱਗੀ ਵਿੱਚੋਂ ਵੱਖ-ਵੱਖ ਬ੍ਰਾਂਡਾਂ ਦੀਆਂ ਕੁੱਲ 114 ਬੋਤਲਾਂ ਬਰਾਮਦ ਹੋਈਆਂ, ਜਿਨ੍ਹਾਂ ਵਿਚ 84 ਬੋਤਲਾਂ ਪੰਜਾਬ ਕਲੱਬ ਵਿਸਕੀ , 9 ਬੋਤਲਾਂ ਰਾਇਲ ਸਟੈਗ ਅਤੇ 21 ਬੋਤਲਾਂ ਮੈਕਡਾਵਲ ਸ਼ਰਾਬ ਸ਼ਾਮਲ ਸੀ। ਪੁਲਿਸ ਅਨੁਸਾਰ ਬਰਾਮਦ ਸ਼ਰਾਬ ਦੀ ਕੁੱਲ ਮਾਤਰਾ ਕਰੀਬ 85,500 ਮਿਲੀਲੀਟਰ ਬਣਦੀ ਹੈ। ਪੁਲਿਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ ਵਿਚ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਖੇਪ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਏਐਸਆਈ ਸੁਖਵਿੰਦਰ ਸਿੰਘ ਦੀ ਟੀਮ ਪਨਾਮ ਨਹਿਰ ਦੇ ਪੁਲ ਤੇ ਮੌਜੂਦ ਸੀ, ਜਿੱਥੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਨਰੇਸ਼ ਕੁਮਾਰ (ਵਾਸੀ ਗੋਗੋ) ਨੂੰ ਰੋਕਿਆ ਗਿਆ। ਤਲਾਸ਼ੀ ਲੈਣ ਤੇ ਉਸ ਕੋਲੋਂ ਸ਼ਰਾਬ ਦੀਆਂ ਦੇਸੀ ਸੰਤਰਾ ਮਾਰਕਾ ਦੀਆਂ 24 ਬੋਤਲਾਂ ਬਰਾਮਦ ਹੋਈਆਂ, ਜੋ ਕਿ ਸਿਰਫ਼ ਹਿਮਾਚਲ ਪ੍ਰਦੇਸ਼ ਵਿਚ ਵਿਕਰੀ ਲਈ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕੋਲ ਸ਼ਰਾਬ ਸਬੰਧੀ ਕੋਈ ਵੀ ਲਾਇਸੰਸ ਜਾਂ ਪਰਮਿਟ ਨਹੀਂ ਸੀ, ਜਿਸ ਕਾਰਨ ਉਸ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਕਾਲੇਵਾਲ ਭਗਤਾ ਵਿਚ ਪੁਲਿਸ ਨੇ ਇਕ ਸ਼ਰਾਬ ਤਸਕਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਏਐਸਆਈ ਮੋਹਣ ਚੰਦ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਮੌਜੂਦ ਸਨ, ਜਦੋਂ ਇੱਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸਲੀਮ ਮੁਹੰਮਦ ਵਾਸੀ ਕਾਲੇਵਾਲ ਭਗਤਾ ਬਾਹਰਲੇ ਜ਼ਿਲ੍ਹਿਆਂ ਤੋਂ ਸ਼ਰਾਬ ਲਿਆ ਕੇ ਪਿੰਡ ਵਿੱਚ ਵੇਚਣ ਦਾ ਧੰਦਾ ਕਰਦਾ ਹੈ। ਸੂਚਨਾ ਦੇ ਅਧਾਰ ਤੇ ਚੱਕਮੱਲਾ ਰੋਡ ਤੇ ਨਾਕਾਬੰਦੀ ਕੀਤੀ ਗਈ ਤਾਂ ਸਲੀਮ ਮੁਹੰਮਦ ਸਿਰ ਤੇ ਬੋਰਾ ਚੁੱਕੀ ਆਉਂਦਾ ਦਿਖਾਈ ਦਿੱਤਾ। ਪੁਲਿਸ ਨੂੰ ਸਾਹਮਣੇ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਦਬੋਚ ਲਿਆ। ਬੋਰੇ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ ਕਥਿਤ ਤੌਰ ਤੇ 12 ਬੋਤਲਾਂ ਪੰਜਾਬ ਕਲੱਬ ਵਿਸਕੀ ਬਰਾਮਦ ਹੋਈਆਂ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।