ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਕਾਰਵਾਈ, ਚਾਰ ਕਾਬੂ, ਨਸ਼ੀਲੀਆਂ ਗੋਲੀਆਂ ਬਰਾਮਦ
ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਕਾਰਵਾਈ: ਚਾਰ ਕਾਬੂ
Publish Date: Thu, 14 May 2026 03:20 PM (IST)
Updated Date: Thu, 14 May 2026 03:21 PM (IST)

ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਵਿਰੁੱਧ ਐਨ.ਡੀ.ਪੀ.ਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਹਨ। ਥਾਣਾ ਬੁੱਲੋਵਾਲ ਦੀ ਪੁਲਿਸ ਨੇ ਨਸਰਾਲਾ ਕਾਲੋਨੀ ਦੇ ਇਕ ਨੌਜਵਾਨ ਨੂੰ 38 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਸ਼ਾਮ ਚੋਰਾਸੀ ਤੋਂ ਤਲਵੰਡੀ ਅਰਾਇਆ ਵੱਲ ਗਸ਼ਤ ਤੇ ਸੀ, ਤਾਂ ਅੱਡਾ ਤਲਵੰਡੀ ਅਰਾਇਆ ਦੇ ਬੱਸ ਸਟੈਂਡ ਦੀ ਸ਼ੈੱਡ ਹੇਠਾਂ ਬੈਠਾ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ। ਉਸ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਨੇੜੇ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੋਮੀ ਲਿਫਾਫੇ ਵਿੱਚੋਂ ਕਥਿਤ ਤੌਰ ’ਤੇ 38 ਖੁੱਲ੍ਹੀਆਂ ਚਿੱਟੇ ਰੰਗ ਦੀਆਂ ਬਿਨਾਂ ਮਾਰਕੇ ਵਾਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਸਰਾਲਾ ਕਲੋਨੀ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਮੁਕੇਰੀਆਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਏ.ਐਸ.ਆਈ ਦਿਲਦਾਰ ਸਿੰਘ ਦੀ ਟੀਮ ਜਦੋਂ ਪੁਰਾਣਾ ਭੰਗਾਲਾ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਬੱਸ ਅੱਡੇ ਦੀ ਪਿਛਲੀ ਤਰਫ ਝਾੜੀਆਂ ਵਿੱਚ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਬੈਠੇ ਦੇਖਿਆ। ਇਹ ਸਿਲਵਰ ਫੋਇਲ (ਪੰਨੀ) ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਧੂੰਏਂ ਰਾਹੀਂ ਕਥਿਤ ਤੌਰ ਤੇ ਨਸ਼ਾ ਖਿੱਚ ਰਹੇ ਸਨ। ਪੁਲਿਸ ਨੂੰ ਦੇਖ ਕੇ ਉਨ੍ਹਾਂ ਨੇ ਸਾਮਾਨ ਛੁਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਦੋਵਾਂ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਸਨਿਆਲ ਅਤੇ ਰਿੰਕਲ ਵਾਸੀ ਧਰਮਪੁਰ ਵਜੋਂ ਹੋਈ ਹੈ। ਮੌਕੇ ਤੋਂ ਨਸ਼ੀਲਾ ਪਦਾਰਥ ਲੱਗੀ ਸਿਲਵਰ ਪੰਨੀ, ਇੱਕ ਲਾਈਟਰ ਅਤੇ ਪਾਈਪ ਵਜੋਂ ਵਰਤਿਆ ਗਿਆ 10 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ ਹੈ। ਨਸ਼ੇ ਦੀ ਹਾਲਤ ’ਚ ਘੁੰਮ ਰਿਹਾ ਨੌਜਵਾਨ ਡੋਪ ਟੈਸਟ ਤੋਂ ਬਾਅਦ ਨਾਮਜ਼ਦ ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਇੱਕ ਮੁਖ਼ਬਰ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਪੂਰਨ ਸਿੰਘ ਉਰਫ ਲੱਲਾ ਵਾਸੀ ਬਸੀ ਮੁਸਤਫਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਏ.ਐਸ.ਆਈ ਬਲਬੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪੂਰਨ ਸਿੰਘ ਕਥਿਤ ਤੌਰ ’ਤੇ ਨਸ਼ੇ ਦਾ ਆਦੀ ਹੈ ਅਤੇ ਬਸੀ ਮੁਸਤਫਾ ਮੇਨ ਰੋਡ ਤੇ ਨਸ਼ੇ ਦੀ ਲੋਰ ਵਿੱਚ ਘੁੰਮ ਰਿਹਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਦੋਂ ਉਕਤ ਨੌਜਵਾਨ ਨੂੰ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਡੋਪ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਰਿਪੋਰਟ ਦੇ ਅਧਾਰ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।