ਬੇਕਾਬੂ ਟਰੱਕ ਦੀ ਟੱਕਰ ਕਾਰਨ ਦੋ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਬੇਕਾਬੂ ਟਰੱਕ ਚਾਲਕ ਨੇ ਮਾਰੀ ਚਾਰ ਲੋਕਾਂ ਨੂੰ ਟੱਕਰ ਦੋ ਦੀ ਮੌਤ, ਦੋ ਗੰਭੀਰ ਜ਼ਖਮੀ
Publish Date: Fri, 08 May 2026 07:39 PM (IST)
Updated Date: Sat, 09 May 2026 04:12 AM (IST)

ਐਚ ਐਸ ਪੀ : 40, 44 ਮ੍ਰਿਤਕ ਹਰਭਜਨ ਕੌਰ ਤੇ ਅਸ਼ਵਨੀ ਕੁਮਾਰ ਦੀ ਪੁਰਾਣੀ ਤਸਵੀਰ। 42 ਜ਼ਖ਼ਮੀਆਂ ਦਾ ਹਾਲ ਚਾਲ ਪੁੱਛਦੇ ਹੋਏ ਵਿਧਾਇਕ ਰਾਜਾ ਗਿੱਲ। * ਜ਼ਖ਼ਮੀਆਂ ਨੂੰ ਹਸਪਤਾਲ ’ਚ ਕਰਵਾਇਆ ਦਾਖ਼ਲ, ਪੁਲਿਸ ਨੇ ਚਾਲਕ ਸਣੇ ਟਰੱਕ ਨੂੰ ਲਿਆ ਕਬਜ਼ੇ ’ਚ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਸ਼ੁੱਕਰਵਾਰ ਸ਼ਾਮ ਇਕ ਬੇਕਾਬੂ ਟਰੱਕ ਚਾਲਕ ਵੱਲੋਂ ਚਾਰ ਲੋਕਾਂ ਨੂੰ ਟੱਕਰ ਮਾਰਨ ’ਤੇ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਅਹਿਆਪੁਰ ਤੇ ਹਰਭਜਨ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ, ਜਦਕਿ ਜ਼ਖ਼ਮੀਆਂ ਦੀ ਪਛਾਣ ਸਰਵਣ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪੱਸੀ ਵੇਟ ਤੇ ਅਵਤਾਰ ਸਿੰਘ ਕਾਲਾ ਪੁੱਤਰ ਗੋਪਾਲ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਵਕਤ ਕਰੀਬ ਸਵਾ ਪੰਜ ਵਜੇ ਅਸ਼ਵਨੀ ਕੁਮਾਰ ਆਪਣੀਆਂ ਦੋ ਲੜਕੀਆਂ ਤੇ ਪਤਨੀ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਿਆਣੀ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਗੁਰਦੁਆਰਾ ਸ੍ਰੀ ਪੁਲ ਪੁਖਤਾ ਸਾਹਿਬ ਨੇੜੇ ਪਹੁੰਚਿਆ ਤਾਂ ਕਿਸੇ ਕਾਰਨ ਮੋਟਰਸਾਈਕਲ ਰੋਕ ਕੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਪਿੱਛੋਂ ਟਾਂਡਾ ਵਾਲੇ ਪਾਸੇ ਤੋਂ ਆਏ ਇਕ ਬੇਕਾਬੂ ਟਰੱਕ ਨੇ ਅਸ਼ਵਨੀ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਚਾਲਕ ਮੌਕੇ ਤੋਂ ਸਮੇਤ ਟਰੱਕ ਫ਼ਰਾਰ ਹੋ ਗਿਆ। ਉਸ ਤੋਂ ਬਾਅਦ ਇਸ ਬੇਕਾਬੂ ਟਰੱਕ ਚਾਲਕ ਨੇ ਮਿਆਣੀ ਸੜਕ ’ਤੇ ਗੁਰਦੁਆਰਾ ਪੁਲ ਪੁਖਤਾ ਸਾਹਿਬ ਤੋਂ ਸੇਵਾ ਕਰ ਕੇ ਵਾਪਸ ਜਾ ਰਹੀ ਇਕ ਔਰਤ ਹਰਭਜਨ ਕੌਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਵੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਬਾਅਦ ਇਸ ਬੇਕਾਬੂ ਟਰੱਕ ਚਾਲਕ ਨੇ ਮਿਆਣੀ ਸੜਕ ’ਤੇ ਇਕ ਮਾਰੂਤੀ ਆਰਟਿਗਾ ਕਾਰ, ਜਿਸ ’ਚ 7 ਲੋਕ ਸਵਾਰ ਸਨ, ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਚਾਲਕ ਸਰਵਣ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਕਾਰ ’ਚ ਬੈਠੇ ਬਾਕੀ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ, ਜਿਥੇ ਉਹ ਜ਼ੇਰੇ ਇਲਾਜ ਹੈ। ਇਸ ਤੋਂ ਬਾਅਦ ਉਕਤ ਟਰੱਕ ਚਾਲਕ ਨੇ ਮਿਆਣੀ ਸੜਕ ’ਤੇ ਜਾ ਰਹੇ ਇਕ ਮੋਟਰਸਾਈਕਲ ਸਵਾਰ ਅਵਤਾਰ ਸਿੰਘ ਕਾਲਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਬਖਤਾਵਰ ਸਿੰਘ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜ਼ਖ਼ਮੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੱਗੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਮੌਕੇ ’ਤੇ ਸਰਕਾਰੀ ਹਸਪਤਾਲ ਟਾਂਡਾ ਪਹੁੰਚੇ ਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਨ੍ਹਾਂ ਹਾਦਸਿਆਂ ਦੀ ਸੂਚਨਾ ਮਿਲਣ ’ਤੇ ਟਾਂਡਾ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਟਰੱਕ ਨੂੰ ਚਾਲਕ ਸਮੇਤ ਕਬਜ਼ੇ ’ਚ ਲੈ ਲਿਆ ਤੇ ਮ੍ਰਿਤਕਾ ਦੀਆਂ ਲਾਸ਼ਾਂ ਆਪਣੇ ਕਬਜ਼ੇ ’ਚ ਲੈ ਕੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।