ਸ਼ਾਮ ਚੁਰਾਸੀ ਵਿਖੇ ਡਾਕਟਰੀ ਟੀਮ ਵਲੋਂ ਡੇਂਗੂ ਦੇ ਲਾਰਵੇ ਦੀ ਜਾਂਚ
ਸ਼ਾਮ ਚੁਰਾਸੀ ਵਿਖੇ ਡਾਕਟਰਾਂ ਦੀ ਟੀਮ ਵਲੋਂ ਘਰਾਂ ਅਤੇ ਕੰਟੇਨਰਾਂ 'ਚ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ
Publish Date: Thu, 07 May 2026 07:00 PM (IST)
Updated Date: Fri, 08 May 2026 04:15 AM (IST)

ਐਚ ਐਸ ਪੀ 46 : ਸ਼ਾਮ ਚੁਰਾਸੀ ਚ ਇਕ ਘਰ ਦੇ ਗਮਲੇ ਦੀ ਜਾਂਚ ਕਰਦੇ ਹੋਏ ਡਾਕਟਰ ਅਮਰਜੀਤ ਅਤੇ ਉਹਨਾਂ ਦੀ ਟੀਮ ਦੀਪਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਐੱਮ.ਓ. ਚੱਕੋਵਾਲ ਅਤੇ ਐੱਸ.ਐੱਮ.ਓ. ਸ਼ਾਮ ਚੁਰਾਸੀ ਦੇ ਮਾਰਗਦਰਸ਼ਨ ਹੇਠ ਡਾਕਟਰ ਅਮਰਜੀਤ ਦੀ ਅਗਵਾਈ ਵਿੱਚ ਸਿਹਤ ਟੀਮ ਵੱਲੋਂ ਸ਼ਾਮ ਚੁਰਾਸੀ ਵਿਖੇ ਹਰ ਵੀਰਵਾਰ ਚਲਾਈ ਜਾ ਰਹੀ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਘਰਾਂ ਵਿੱਚ ਜਾ ਕੇ ਵੱਖ-ਵੱਖ ਕੰਟੇਨਰਾਂ ਦੀ ਜਾਂਚ ਕਰਕੇ ਡੇਂਗੂ ਦੇ ਲਾਰਵੇ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜਿੱਥੇ ਵੀ ਕਿਸੇ ਕੰਟੇਨਰ ਵਿੱਚ ਡੇਂਗੂ ਦਾ ਲਾਰਵਾ ਮਿਲਿਆ, ਉਸਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰ ਅਮਰਜੀਤ ਨੇ ਡੇਂਗੂ ਅਤੇ ਮਲੇਰੀਆ ਬਿਮਾਰੀਆਂ ਦੇ ਲੱਛਣਾਂ ਅਤੇ ਇਨ੍ਹਾਂ ਦੇ ਫੈਲਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ “ਡਰਾਈ ਡੇ” ਵਜੋਂ ਮਨਾਉਣਾ ਚਾਹੀਦਾ ਹੈ ਤਾਂ ਜੋ ਘਰਾਂ ਅਤੇ ਆਸਪਾਸ ਪਈਆਂ ਵਸਤੂਆਂ ਵਿੱਚ ਖੜ੍ਹਾ ਪਾਣੀ ਖਾਲੀ ਕੀਤਾ ਜਾ ਸਕੇ ਅਤੇ ਸਾਫ਼-ਸਫਾਈ ਰਾਹੀਂ ਡੇਂਗੂ ਦੇ ਮੱਛਰਾਂ ਦੇ ਪ੍ਰਜਨਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਘਰਾਂ ਦੇ ਆਸਪਾਸ ਪਾਣੀ ਨੂੰ ਲੰਬੇ ਸਮੇਂ ਤੱਕ ਖੜ੍ਹਾ ਨਾ ਰਹਿਣ ਦਿੱਤਾ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਏ ਦਾ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।