ਸਿੱਖ ਯੂਥ ਫਰੰਟ ਤੇ ਹੋਰ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਸ ਪ੍ਰਦਰਸ਼ਨ
ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਸਿੱਖ ਯੂਥ ਫਰੰਟ ਅਤੇ ਹੋਰ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਸ ਪ੍ਰਦਰਸ਼ਨ ਤੇ ਧਰਨਾ
Publish Date: Thu, 07 May 2026 05:53 PM (IST)
Updated Date: Fri, 08 May 2026 04:12 AM (IST)

ਐਚ ਐਸ ਪੀ 39, 40 : ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਸਿੱਖ ਯੂਥ ਫਰੰਟ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ। * ਪੁਲਿਸ ਦੀ ਢਿੱਲੀ ਕਾਰਵਾਈ ਤੇ ਸ਼ਿਕਾਇਤ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਪ੍ਰਤੀ ਵਿਰੋਧ ਪ੍ਰਗਟਾਇਆ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਅਤੇ ਸ਼ਿਕਾਇਤ ’ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਵੀਰਵਾਰ ਨੂੰ ਸਿੱਖ ਯੂਥ ਫਰੰਟ ਅਤੇ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਲਗਭਗ ਇੱਕ ਘੰਟੇ ਤੱਕ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਧਰਨਾ ਜਸਵੀਰ ਸਿੰਘ ਪੁੱਤਰ ਪੂਰਨ ਚੰਦ ਵਾਸੀ ਦਸ਼ਮੇਸ਼ ਨਗਰ ਦੀ ਸ਼ਿਕਾਇਤ ’ਤੇ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਐਫ.ਆਈ.ਆਰ ਦਰਜ ਨਾ ਕਰਨ ਦੇ ਰੋਸ ਵਜੋਂ ਲਗਾਇਆ ਗਿਆ। ਧਰਨੇ ਦੀ ਅਗਵਾਈ ਸਿੱਖ ਯੂਥ ਫਰੰਟ ਸਿਟੀ ਹੁਸ਼ਿਆਰਪੁਰ ਦੇ ਮੈਂਬਰ ਕਰਨੈਲ ਸਿੰਘ ਲਵਲੀ ਨੇ ਕੀਤੀ। ਦੁਪਹਿਰ ਕਰੀਬ 1 ਵਜੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਪੀੜਤ ਨੂੰ ਇਨਸਾਫ਼ ਦਿਵਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 1 ਮਈ ਨੂੰ ਜਸਵੀਰ ਸਿੰਘ ਅਤੇ ਉਸ ਦੇ ਗੁਆਂਢੀਆਂ ਵਿਚਾਲੇ ਝਗੜਾ ਹੋਇਆ ਸੀ, ਜਿਸ ਦੌਰਾਨ ਜਸਵੀਰ ਸਿੰਘ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਘਟਨਾ ਦੌਰਾਨ ਜਸਵੀਰ ਸਿੰਘ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਪੀੜਤ ਵੱਲੋਂ ਮੈਡੀਕਲ ਰਿਪੋਰਟ (ਐਮ.ਐਲ.ਆਰ.) ਅਤੇ ਲਿਖਤੀ ਦਰਖਾਸਤ ਪੁਲਿਸ ਨੂੰ ਸੌਂਪਣ ਦੇ ਬਾਵਜੂਦ ਵੀ ਕਈ ਦਿਨਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਧਰਨੇ ਦੌਰਾਨ ਭੂਪਿੰਦਰ ਸਿੰਘ ਸੱਜਣ ਪਿੱਪਲਾਂਵਾਲਾ, ਵਿਕਾਸ ਹੰਸ ਸੂਬਾ ਪ੍ਰਧਾਨ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਪੰਜਾਬ, ਬਿੱਲਾ ਦਿਓਵਾਲ, ਹਰਵਿੰਦਰ ਹੀਰਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਲਕਾ ਹੁਸ਼ਿਆਰਪੁਰ, ਅਸ਼ੋਕ ਸੱਲਣ, ਤਾਰਾ ਚੰਦ ਸਮੇਤ ਕਈ ਆਗੂ ਅਤੇ ਵਰਕਰ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਡੀਐੱਸਪੀ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਬਾਅਦ ਵਿੱਚ ਡੀ.ਐਸ.ਪੀ. ਸਿਟੀ ਦੇਵ ਦੱਤ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਡੀ.ਐਸ.ਪੀ. ਨੇ ਭਰੋਸਾ ਦਿੱਤਾ ਕਿ ਜਸਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਤੁਰੰਤ ਐਫ.ਆਈ.ਆਰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ।