ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲੜਕੀਆਂ ਦਾ ਟੀਕਾਕਰਨ ਜ਼ਰੂਰੀ : ਸਿਵਲ ਸਰਜਨ
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲੜਕੀਆਂ ਦਾ ਟੀਕਾਕਰਨ ਜ਼ਰੂਰੀ: ਸਿਵਲ ਸਰਜਨ
Publish Date: Thu, 07 May 2026 05:29 PM (IST)
Updated Date: Fri, 08 May 2026 04:09 AM (IST)

* ਭਾਰਤ ਵਿਕਾਸ ਪਰਿਸ਼ਦ ਨੇ ਸਿਹਤ ਵਿਭਾਗ ਨੂੰ ਸੌਂਪੇ 4000 ਕਨਸੈਂਟ ਫਾਰਮ ; ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ ਐਚ ਐਸ ਪੀ 14 : ਸਿਵਲ ਸਰਜਨ ਡਾ. ਮਨਦੀਪ ਕਮਲ ਅਤੇ ਡਾ. ਸੀਮਾ ਗਰਗ ਨੂੰ ਟੀਕਾਕਰਨ ਮੁਹਿੰਮ ਲਈ ਕਨਸੈਂਟ ਫਾਰਮ ਸੌਂਪਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ, ਵਿਜੇ ਅਰੋੜਾ, ਅਸ਼ਵਨੀ ਦੱਤਾ ਅਤੇ ਹੋਰ ਪਤਵੰਤੇ। ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਨੇ ਸਿਹਤ ਵਿਭਾਗ ਨਾਲ ਮਿਲ ਕੇ ਬਾਲਿਕਾਵਾਂ ਦੀ ਸਿਹਤ ਸੁਰੱਖਿਆ ਲਈ ਇੱਕ ਵੱਡੀ ਪਹਿਲ ਕੀਤੀ ਹੈ। ਸੰਸਥਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਸਿਹਤ ਵਿਭਾਗ ਨੂੰ 4000 ਕਨਸੈਂਟ ਫਾਰਮ (ਸਹਿਮਤੀ ਪੱਤਰ) ਸੌਂਪੇ ਗਏ, ਤਾਂ ਜੋ 14 ਸਾਲ ਦੀਆਂ ਲੜਕੀਆਂ ਨੂੰ ਐਚ.ਪੀ.ਵੀ. ਦਾ ਟੀਕਾ ਲਗਾਉਣ ਦੀ ਮੁਹਿੰਮ ਨੂੰ ਤੇਜ਼ ਕੀਤਾ ਜਾ ਸਕੇ। ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਭਾਰਤ ਵਿਕਾਸ ਪਰਿਸ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੀਕਾਕਰਨ ਲੜਕੀਆਂ ਨੂੰ ਭਵਿੱਖ ਵਿੱਚ ਸਰਵਾਈਕਲ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਬਚਾਉਣ ਲਈ ਬੇਹੱਦ ਅਹਿਮ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਹਿਚਕਚਾਹਟ ਦੇ ਆਪਣੀਆਂ ਬੇਟੀਆਂ ਦਾ ਟੀਕਾਕਰਨ ਕਰਵਾਉਣ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਗਰਗ ਨੇ ਦੱਸਿਆ ਕਿ ਵਿਭਾਗ ਦਾ ਫੀਲਡ ਸਟਾਫ਼ ਜਲਦੀ ਹੀ ਇਨ੍ਹਾਂ ਫਾਰਮਾਂ ਨੂੰ ਲੈ ਕੇ ਘਰ-ਘਰ ਜਾਵੇਗਾ ਅਤੇ ਮਾਪਿਆਂ ਨੂੰ ਇਸ ਟੀਕੇ ਦੀ ਮਹੱਤਤਾ ਬਾਰੇ ਜਾਗਰੂਕ ਕਰਕੇ ਉਨ੍ਹਾਂ ਦੀ ਸਹਿਮਤੀ ਲਵੇਗਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਬਾਲਿਕਾਵਾਂ ਨੂੰ ਸਿਹਤਮੰਦ ਭਵਿੱਖ ਦੇਣ ਵੱਲ ਇੱਕ ਮਜ਼ਬੂਤ ਕਦਮ ਹੈ। ਸਿਹਤਮੰਦ ਬਾਲਿਕਾਵਾਂ ਹੀ ਮਜ਼ਬੂਤ ਰਾਸ਼ਟਰ ਦੀ ਨੀਂਹ : ਸੰਜੀਵ ਅਰੋੜਾ ਪਰਿਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ ਅਤੇ ਸੀਨੀਅਰ ਉਪ ਪ੍ਰਧਾਨ ਵਿਜੇ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ਜੇਕਰ ਸਾਡੇ ਬੱਚੇ ਸਿਹਤਮੰਦ ਹੋਣਗੇ, ਤਾਂ ਹੀ ਸਮਾਜ ਅਤੇ ਦੇਸ਼ ਮਜ਼ਬੂਤ ਬਣੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਸ਼ਦ ਨਾ ਸਿਰਫ਼ ਫਾਰਮ ਮੁਹੱਈਆ ਕਰਵਾ ਰਹੀ ਹੈ, ਸਗੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਚਲਾਏਗੀ। ਇਸ ਮੌਕੇ ਡਾ. ਰਣਜੀਤ ਸਿੰਘ (ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ), ਡਾ. ਜਿਤੇਂਦਰ ਭਾਟੀਆ (ਜ਼ਿਲ੍ਹਾ ਸਿਹਤ ਅਧਿਕਾਰੀ), ਸ਼੍ਰੀ ਮੁਹੰਮਦ ਆਸਿਫ ਅਤੇ ਅਸ਼ਵਨੀ ਕੁਮਾਰ ਦੱਤਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।