ਮਨਰੇਗਾ ਵਰਕਰਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਬੀਡੀਪੀਓ ਦਸੂਹਾ ਨੂੰ ਸੌਂਪਿਆ ਮੰਗ ਪੱਤਰ
ਮਨਰੇਗਾ ਵਰਕਰਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਬੀਡੀਪੀਓ ਦਸੂਹਾ ਨੂੰ ਸੌਂਪਿਆ ਮੰਗ ਪੱਤਰ
Publish Date: Thu, 07 May 2026 05:06 PM (IST)
Updated Date: Fri, 08 May 2026 04:08 AM (IST)

ਐਚ ਐਸ ਪੀ 27 : ਬੀਡੀਪੀਓ ਨੂੰ ਮੰਗ ਪੱਤਰ ਸੌਂਪਦੇ ਹੋਏ ਮਨਰੇਗਾ ਵਰਕਰਜ਼ ਯੂਨੀਅਨ ਦੇ ਆਗੂ ਅਤੇ ਮੈਂਬਰ। * ਬਕਾਇਆ ਮਿਹਨਤਾਨਾ ਜਾਰੀ ਕਰਨ ਅਤੇ ਪਿੰਡਾਂ ਵਿੱਚ ਬੰਦ ਪਏ ਕੰਮ ਤੁਰੰਤ ਸ਼ੁਰੂ ਕਰਨ ਦੀ ਮੰਗ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਦਸੂਹਾ ਵੱਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਬੀਡੀਪੀਓ ਦਸੂਹਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਮਨਰੇਗਾ ਵਰਕਰਾਂ ਦੀ ਇੱਕ ਮੀਟਿੰਗ ਸਥਾਨਕ ਪਾਂਡਵ ਸਰੋਵਰ ਵਿਖੇ ਬਲਾਕ ਪ੍ਰਧਾਨ ਕਮਲੇਸ਼ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਬਡਾਲੀਆਂ ਅਤੇ ਸੂਬਾ ਕਨਵੀਨਰ ਦੀਪਕ ਤਲਵਾੜਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਨਵਰੀ ਮਹੀਨੇ ਤੋਂ ਕੀਤੇ ਕੰਮ ਦਾ ਮਿਹਨਤਾਨਾ ਅਜੇ ਤੱਕ ਨਹੀਂ ਮਿਲਿਆ। ਵਿੱਤੀ ਸਾਲ 2026 ਦੌਰਾਨ ਪਿੰਡਾਂ ਵਿੱਚ ਮਨਰੇਗਾ ਅਧੀਨ ਕੰਮ ਬੰਦ ਪਏ ਹਨ, ਜਿਸ ਕਾਰਨ ਮਜ਼ਦੂਰਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ। ਇਸ ਸਾਲ ਅਪ੍ਰੈਲ ਮਹੀਨੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਸਰਕਾਰ ਵੱਲੋਂ ਕੋਈ ਵਾਧਾ ਨਹੀਂ ਕੀਤਾ ਗਿਆ। ਪੰਚਾਇਤਾਂ ਨੂੰ ਪਹਿਲਾਂ ਕਰਵਾਏ ਗਏ ਮਨਰੇਗਾ ਕੰਮਾਂ ਦੇ ਮਟੀਰੀਅਲ ਦੀ ਅਦਾਇਗੀ ਨਾ ਹੋਣ ਕਾਰਨ ਪੰਚਾਇਤਾਂ ਨੇ ਨਵੇਂ ਕੰਮ ਸ਼ੁਰੂ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਹਨ, ਜਿਸ ਨਾਲ ਮਜ਼ਦੂਰਾਂ ਦੇ ਰੋਜ਼ਗਾਰ ‘ਤੇ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵੱਖ-ਵੱਖ ਸਰਵੇਆਂ ਦਾ ਭੱਤਾ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਆਨਲਾਈਨ ਹਾਜ਼ਰੀ ਲਈ ਮੋਬਾਈਲ ਫੋਨ ਅਤੇ ਮੋਬਾਈਲ ਭੱਤਾ, ਮੇਟਾਂ ਨੂੰ ਬੱਝਵਾਂ ਮਾਨ-ਭੱਤਾ ਅਤੇ ਦਫ਼ਤਰ ਆਉਣ-ਜਾਣ ਲਈ ਯਾਤਰਾ ਭੱਤਾ ਦਿੱਤਾ ਜਾਵੇ। ਗ੍ਰਾਮ ਰੁਜ਼ਗਾਰ ਸਹਾਇਕ ਦੀ ਭਰਤੀ ਵਿੱਚ ਮਨਰੇਗਾ ਮੇਟਾਂ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਵਰਕਰਾਂ ਨੇ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਵਿਰੋਧ ਵਿੱਚ ਕੰਮ ਰੋਕ ਹੜਤਾਲ ‘ਤੇ ਬੈਠੇ ਮਨਰੇਗਾ ਮੁਲਾਜਮਾਂ ਦੇ ਸੰਘਰਸ਼ ਦਾ ਸਮਰਥਨ ਕਰਦੇ ਹੋਏ ਸਰਕਾਰ ਤੋਂ ਉਨ੍ਹਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਅਤੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕੀਤੀ। ਇਸ ਉਪਰੰਤ ਮਨਰੇਗਾ ਵਰਕਰਾਂ ਨੇ ਬੀਡੀਪੀਓ ਦਫ਼ਤਰ ਦਸੂਹਾ ਤੱਕ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਵੀਬੀ ਜੀ ਰਾਮ ਜੀ ਨੂੰ ਰੱਦ ਕਰਕੇ ਮਨਰੇਗਾ ਯੋਜਨਾ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੀ ਮੰਗ ਕੀਤੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਅਤੇ ਮਨਰੇਗਾ ਵਿਰੋਧੀ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਬੀਡੀਪੀਓ ਦਸੂਹਾ ਗੁਰਮੀਤ ਸਿੰਘ ਚਾਹਲ ਨੂੰ ਮੰਗ ਪੱਤਰ ਸੌਂਪ ਕੇ ਧਰਨਾ ਸਮਾਪਤ ਕੀਤਾ ਗਿਆ। ਮਨਰੇਗਾ ਵਰਕਰਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਧਾਨ ਪਰਮਜੀਤ ਕੌਰ ਨੇ ਦੱਸਿਆ ਕਿ ਜੇਕਰ 15 ਤਾਰੀਖ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮੁਕੇਰੀਆਂ ਤੋਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਰਕਸ਼ਾ ਦੇਵੀ, ਸਕੱਤਰ ਕਮਲਾ ਦਸੂਹਾ, ਵਿਜੇ ਸਿਪਰੀਆਂ, ਰਾਮ ਸਰੂਪ ਆਸਪੁਰ, ਸੁਸ਼ਮਾ ਧਾਰ, ਜੋਤੀ ਰੌਲੀ, ਨਰੇਸ਼ ਕੁਮਾਰੀ, ਪਰਮਜੀਤ ਕੌਰ ਭੰਬੋਤਾੜ, ਸੁਰਿੰਦਰ ਕੌਰ ਗੇਰਾ, ਕੁਲਬੀਰ ਸਿੰਘ ਗੱਗ ਸੁਲਤਾਨ, ਸੁਨੀਲ ਕੁਮਾਰ ਸਮੇਤ ਹੋਰ ਵਰਕਰ ਵੀ ਮੌਜੂਦ ਸਨ।