ਬੀਬੀਐੱਮਬੀ ਰੈੱਡ ਕਰਾਸ ਸੰਸਥਾ ਤਲਵਾੜਾ ਮਹਿਲਾ ਸਸ਼ਸਤੀਕਰਨ ਲਈ ਬਣ ਰਹੀ ਮਾਰਗਦਰਸ਼ਕ
ਬੀ.ਬੀ.ਐਮ.ਬੀ. ਰੈੱਡ ਕਰਾਸ ਸੰਸਥਾ ਤਲਵਾੜਾ ਮਹਿਲਾ ਸਸ਼ਸਤੀਕਰਨ ਲਈ ਬਣ ਰਹੀ ਹੈ ਮਾਰਗਦਰਸ਼ਕ
Publish Date: Thu, 07 May 2026 04:38 PM (IST)
Updated Date: Fri, 08 May 2026 04:06 AM (IST)

ਐਚ ਐਸ ਪੀ 2 : ਤਲਵਾੜਾ ਵਿਖੇ ਬੀਬੀਐਮਬੀ ਰੈਡ ਕ੍ਰਾਸ ਸੰਸਥਾ ਦੇ ਸਿਲਾਈ-ਕਢਾਈ ਕੇਂਦਰ ਵਿੱਚ ਤਰਬੀਅਤ ਹਾਸਲ ਕਰਦੀਆਂ ਮਹਿਲਾਵਾਂ। ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐੱਮਬੀ) ਤਲਵਾੜਾ ਦੀ ਰੈੱਡ ਕ੍ਰਾਸ ਸੰਸਥਾ ਸਮਾਜ ਸੇਵਾ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਨ ਦੇ ਖੇਤਰ ’ਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਸੰਸਥਾ ਵੱਲੋਂ ਚਲਾਏ ਜਾ ਰਹੇ ਸਿਲਾਈ-ਕਢਾਈ ਕੇਂਦਰ ਵਿੱਚ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਤਰਬੀਅਤ ਦਿੱਤੀ ਜਾ ਰਹੀ ਹੈ, ਜਦਕਿ ਸੀਸੂ ਨਿਕੇਤਨ ਛੋਟੇ ਬੱਚਿਆਂ ਦੀ ਦੇਖਭਾਲ ਕਰਕੇ ਕੰਮਕਾਜੀ ਮਹਿਲਾਵਾਂ ਲਈ ਵੱਡੀ ਸਹੂਲਤ ਸਾਬਤ ਹੋ ਰਿਹਾ ਹੈ। ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਦੀ ਰਹਿਨੁਮਾਈ ਹੇਠ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਕਈ ਉਪਰਾਲੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਹਰ ਸਾਲ ਰੈਡ ਕ੍ਰਾਸ ਮੇਲੇ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਸੰਸਥਾ ਦੀ ਚੇਅਰਪਰਸਨ ਸੀਮਾ ਗੁਪਤਾ ਨੇ ਦੱਸਿਆ ਕਿ ਬੀਬੀਐੱਮਬੀ ਰੈਡ ਕ੍ਰਾਸ ਸੰਸਥਾ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਨਿਭਾਉਂਦਿਆਂ ਮਹਿਲਾਵਾਂ ਲਈ ਸਿਲਾਈ-ਕਢਾਈ ਕੇਂਦਰ ਚਲਾ ਰਹੀ ਹੈ। ਇਸ ਵੇਲੇ 17 ਮਹਿਲਾਵਾਂ ਇੱਥੇ ਸਿਖਲਾਈ ਹਾਸਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਹਿਰ ਇੰਸਟਰਕਟਰ ਵੱਲੋਂ ਇੱਕ ਸਾਲ ਦਾ ਕੋਰਸ ਕਰਵਾਇਆ ਜਾਂਦਾ ਹੈ ਅਤੇ ਕੋਰਸ ਪੂਰਾ ਹੋਣ ’ਤੇ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਇਸ ਲਈ ਦਾਖਲਾ ਫੀਸ 50 ਰੁਪਏ ਅਤੇ ਮਹੀਨਾਵਾਰ ਫੀਸ ਕੇਵਲ 100 ਰੁਪਏ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਤੋਂ ਬਾਅਦ ਮਹਿਲਾਵਾਂ ਆਪਣਾ ਰੋਜ਼ਗਾਰ ਸ਼ੁਰੂ ਕਰਨ ਦੇ ਯੋਗ ਬਣ ਰਹੀਆਂ ਹਨ। ਸੰਸਥਾ ਦੇ ਸਕੱਤਰ ਡਿੰਪਲ ਨੇ ਦੱਸਿਆ ਕਿ ਸੰਸਥਾ ਵੱਲੋਂ ਸੀਸੂ ਨਿਕੇਤਨ ਵੀ ਚਲਾਇਆ ਜਾ ਰਿਹਾ ਹੈ, ਜਿੱਥੇ 2 ਤੋਂ 3 ਸਾਲ ਤੱਕ ਦੇ ਬੱਚਿਆਂ ਦੀ ਦਿਨ ਸਮੇਂ ਦੇਖਭਾਲ ਕੀਤੀ ਜਾਂਦੀ ਹੈ।