350 ਵਿਦਿਆਰਥੀਆਂ ਨੂੰ ਨਵੇਂ ਸਕੂਲ ਬੈਗ ਵੰਡੇ
'ਖੁਸ਼ੀਆਂ ਦਾ ਬਸਤਾ' ਮੁਹਿੰਮ ਰਾਹੀਂ 350 ਨਿੱਕੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਆਈ ਮੁਸਕਾਨ
Publish Date: Thu, 07 May 2026 04:33 PM (IST)
Updated Date: Fri, 08 May 2026 04:06 AM (IST)

ਐਚ ਐਸ ਪੀ 23 : ਪ੍ਰੀਤ ਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ “ਖੁਸ਼ੀਆਂ ਦਾ ਬਸਤਾ” ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡਦੇ ਹੋਏ ਐਨਜੀਓ ਮੈਂਬਰ ਅਤੇ ਹੋਰ ਪਤਵੰਤੇ। ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਥਾਨਕ ਪ੍ਰੀਤ ਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਸਿੱਖਿਆ ਅਤੇ ਸਮਾਜ ਸੇਵਾ ਦਾ ਵਿਲੱਖਣ ਮੇਲ ਦੇਖਣ ਨੂੰ ਮਿਲਿਆ, ਜਿੱਥੇ ਦਿੱਲੀ ਸਥਿਤ ਐਨਜੀਓ “ਅੱਪ ਰਾਈਜ਼ ਟੂਗੇਦਰ ਫਾਊਂਡੇਸ਼ਨ” ਵੱਲੋਂ ਆਪਣੇ ਵਿਸ਼ੇਸ਼ ਪ੍ਰੋਜੈਕਟ “ਖੁਸ਼ੀਆਂ ਦਾ ਬਸਤਾ” ਤਹਿਤ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ 350 ਵਿਦਿਆਰਥੀਆਂ ਨੂੰ ਨਵੇਂ ਸਕੂਲ ਬੈਗ ਵੰਡੇ ਗਏ। ਸਮਾਗਮ ਦੌਰਾਨ ਸੰਸਥਾ ਦੇ ਡਾਇਰੈਕਟਰ ਰਮਿੰਦਰ ਸਿੰਘ ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹਰ ਲੋੜਵੰਦ ਬੱਚੇ ਤੱਕ ਸਿੱਖਿਆ ਲਈ ਜ਼ਰੂਰੀ ਸਹੂਲਤਾਂ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਸਰੋਤਾਂ ਦੀ ਘਾਟ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਦੇਖ ਕੇ ਸੰਸਥਾ ਨੂੰ ਹੋਰ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਨੇਤਰਹੀਣ ਆਸ਼ਰਮ ਹਰਿਆਣਾ ਦੇ ਮੁਖੀ ਬਾਬਾ ਬਲਬੀਰ ਸਿੰਘ, ਆਤਮਾ ਸਿੰਘ ਅਤੇ ਓਂਕਾਰ ਸਿੰਘ ਖਾਲਸਾ ਨੇ ਵੀ ਹਾਜ਼ਰੀ ਲਗਵਾ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਕੀਰਤੀ ਚੱਕਰ ਪੁਰਸਕਾਰ ਜੇਤੂ ਸੇਵਾਮੁਕਤ ਸੂਬੇਦਾਰ ਚਰਨ ਸਿੰਘ ਅਤੇ ਸੰਸਥਾ ਮੈਂਬਰ ਗੁਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਕੂਲ ਇੰਚਾਰਜ ਪਰਵੀਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੇਵਾਮੁਕਤ ਜਨਰਲ ਜਸਵੀਰ ਸਿੰਘ ਢਿੱਲੋਂ, ਪ੍ਰੋਫੈਸਰ ਬਹਾਦਰ ਸਿੰਘ ਸੁਨੇਤ, ਸੇਵਾਮੁਕਤ ਪ੍ਰਿੰਸੀਪਲ ਰਚਨਾ ਕੌਰ, ਸੇਵਾਮੁਕਤ ਲੈਕਚਰਾਰ ਨੀਰਜ ਧੀਮਾਨ, ਸੇਵਾਮੁਕਤ ਕਰਨਲ ਰਘੂਵੀਰ ਸਿੰਘ, ਜਤਿੰਦਰ ਕੌਰ, ਓਮ ਗਰੋਵਰ, ਐਸਐਮਸੀ ਮੈਂਬਰ, ਪਿੰਡ ਵਾਸੀ ਅਤੇ ਸਕੂਲ ਸਟਾਫ਼ ਵੀ ਹਾਜ਼ਰ ਸਨ। ਨਵੇਂ ਸਕੂਲ ਬੈਗ ਪ੍ਰਾਪਤ ਕਰਨ ਤੋਂ ਬਾਅਦ ਬੱਚਿਆਂ ਦੇ ਚਿਹਰਿਆਂ ’ਤੇ ਖਿੜੀ ਮੁਸਕਰਾਹਟ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।