ਭਾਸ਼ਾ ਵਿਭਾਗ ਹੁਸ਼ਿਆਰਪੁਰ ’ਚ ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਸ਼ਾਨਦਾਰ ਮੁਸ਼ਾਇਰਾ
ਭਾਸ਼ਾ ਵਿਭਾਗ ਹੁਸ਼ਿਆਰਪੁਰ ਵਿੱਚ ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਸ਼ਾਨਦਾਰ ਮੁਸ਼ਾਇਰਾ
Publish Date: Thu, 07 May 2026 04:17 PM (IST)
Updated Date: Fri, 08 May 2026 04:05 AM (IST)
ਐਚ ਐਸ ਪੀ 9 : ਭਾਸ਼ਾ ਵਿਭਾਗ ਹੁਸ਼ਿਆਰਪੁਰ ਵਿਖੇ ਕਰਵਾਏ ਮੁਸ਼ਾਇਰੇ ਦੌਰਾਨ ਡਾ. ਜਸਵੰਤ ਰਾਏ ਨੂੰ ਸਨਮਾਨਿਤ ਕਰਦੇ ਅਦਾਰਾ ਕੋਹਿਨੂਰ ਟਾਇਮਜ਼ ਦੇ ਅਹੁਦੇਦਾਰ ਅਤੇ ਹਾਜ਼ਰ ਸ਼ਾਇਰ।
* ਡਾ. ਜਸਵੰਤ ਰਾਏ ਨੂੰ ਪਹਿਲੇ ਸਨਮਾਨ ਨਾਲ ਨਿਵਾਜਿਆ ਗਿਆ
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਜ਼ਿਲ੍ਹਾ ਭਾਸ਼ਾ ਅਧਿਕਾਰੀ ਦੇ ਸਹਿਯੋਗ ਨਾਲ ਇਕ ਸ਼ਾਨਦਾਰ ਮੁਸ਼ਾਇਰਾ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹੁਸ਼ਿਆਰਪੁਰ ਤੋਂ ਇਲਾਵਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਨਾਮਵਰ ਸ਼ਾਇਰਾਂ ਨੇ ਭਾਗ ਲੈ ਕੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਰੰਗੀਨ ਬਣਾ ਦਿੱਤਾ।
ਸਮਾਗਮ ਦੀ ਪ੍ਰਧਾਨਗੀ ਮਹਿੰਦਰ ਝੱਮਟ, ਪਵਨ ਫੰਬੀਆਂ, ਗੁਰਦੀਪ ਸੈਣੀ ਅਤੇ ਖੋਜ ਅਧਿਕਾਰੀ ਡਾ. ਜਸਵੰਤ ਰਾਏ ਵੱਲੋਂ ਕੀਤੀ ਗਈ। ਇਸ ਮੌਕੇ ਮਹਿੰਦਰ ਝੱਮਟ ਨੇ ਆਏ ਹੋਏ ਸ਼ਾਇਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਦਾਰਾ ਕੋਹਿਨੂਰ ਟਾਇਮਜ਼ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਤ੍ਰੈ-ਮਾਸਿਕ ਕਵੀ ਦਰਬਾਰਾਂ ਦੀ ਲੜੀ ਸ਼ੁਰੂ ਕਰ ਰਿਹਾ ਹੈ ਅਤੇ ਇਹ ਲੜੀ ਅਗੇ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਹਰ ਸਮਾਗਮ ਦੌਰਾਨ ਇੱਕ ਸਾਹਿਤਕਾਰ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਡਾ. ਜਸਵੰਤ ਰਾਏ ਨੂੰ ਸਨਮਾਨਿਤ ਕਰਕੇ ਕੀਤੀ ਗਈ ਹੈ। ਮੁਸ਼ਾਇਰੇ ਵਿੱਚ ਹਰਜਿੰਦਰ ਸਿੰਘ ਜਿੰਦੀ, ਦੀਪ ਜਗਤਪੁਰੀ, ਕਮਲ ਨਯਨ, ਰਵੀ ਸਿੰਘ, ਰਮਣੀਕ ਸਿੰਘ ਘੁੰਮਣ, ਬਲਵਿੰਦਰ ਕੌਰ ਲਗਾਣਾ, ਰਣਜੀਤ ਪੋਸੀ, ਸੋਢੀ ਸੱਤੋਵਾਲੀ, ਡਾ. ਪੀ. ਕੇ. ਚੌਹਾਨ, ਹਰਦਿਆਲ ਹੁਸ਼ਿਆਰਪੁਰੀ, ਤੀਰਥ ਚੰਦ ਸਰੋਆ, ਰਾਜੀਵ ਰੈਂਪੀ, ਰਜਿੰਦਰਪਾਲ ਸਿੰਘ ਸਫ਼ਰੀ, ਹਰਪ੍ਰੀਤ ਸਿੰਘ ਸਫ਼ਰੀ, ਮਨਦੀਪ ਸਿੰਘ, ਲਾਲੀ ਕਰਤਾਰਪੁਰੀਆ, ਗੁਰਦੀਪ ਸਿੰਘ ਸੈਣੀ, ਜਸਵਿੰਦਰ ਸਿੰਘ ਜੱਸੀ ਅਤੇ ਮਹਿੰਦਰ ਝੱਮਟ ਨੇ ਆਪਣੀਆਂ ਨਜ਼ਮਾਂ ਪੇਸ਼ ਕਰਦਿਆਂ ਦਰਸ਼ਕਾਂ ਨੂੰ ਮੋਹ ਲਿਆ।
ਆਪਣੇ ਸੰਬੋਧਨ ਵਿੱਚ ਡਾ. ਜਸਵੰਤ ਰਾਏ ਨੇ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਲੇਖਕਾਂ ਨੂੰ ਭਾਸ਼ਾ ਵਿਭਾਗ ਦੇ ਰਸਾਲਿਆਂ ‘ਜਨ ਸਾਹਿਤ’, ‘ਪੰਜਾਬੀ ਦੁਨੀਆ’, ‘ਪੰਜਾਬ ਸੌਰਭ’ ਅਤੇ ‘ਪ੍ਰਵਾਜ਼-ਏ-ਅਦਬ’ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਹਾਜ਼ਰ ਸ਼ਾਇਰਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਸਮਾਗਮ ਦੀ ਸਟੇਜ ਸੰਚਾਲਨਾ ਜਸਵਿੰਦਰ ਸਿੰਘ ਜੱਸੀ ਨੇ ਬਾਖ਼ੂਬੀ ਨਿਭਾਈ।