10 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ
ਦੁਕਾਨ ਦੀ ਨੀਹ ਦੀ ਓਟ ਵਿੱਚ ਬੈਠੇ ਵਿਅਕਤੀ ਕੋਲੋਂ ਸ਼ਰਾਬ ਬਰਾਮਦ, ਪੁਲਿਸ ਨੇ ਕੀਤਾ ਕਾਬੂ
Publish Date: Thu, 07 May 2026 04:05 PM (IST)
Updated Date: Fri, 08 May 2026 04:03 AM (IST)

ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਥਾਣਾ ਬੁੱਲੋਵਾਲ ਦੀ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਪੱਜੋਦਿੱਤਾ ਵਾਸੀ ਇਕ ਵਿਅਕਤੀ ਨੂੰ ਸ਼ਰਾਬ ਦੀਆਂ ਬੋਤਲਾਂ ਸਮੇਤ ਗ੍ਰਿਫ਼ਤਾਰ ਕਰ ਕੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐੱਸਆਈ ਸੁਰਿੰਦਰਪਾਲ ਆਪਣੀ ਟੀਮ ਸਮੇਤ ਪ੍ਰਾਈਵੇਟ ਵ੍ਹੀਕਲ ਰਾਹੀਂ ਇਲਾਕੇ ’ਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਨੰਦਾਚੋਰ ਤੋਂ ਪਿੰਡ ਕਾਲੂਵਾਹਰ ਵੱਲ ਜਾ ਰਹੀ ਸੀ ਤਾਂ ਅੱਡਾ ਪੱਜੋਦਿੱਤਾ ਦੇ ਨੇੜੇ ਗੁੱਜਰਾਂ ਦੇ ਡੇਰੇ ਵਾਲੇ ਮੋੜ ਤੇ ਉਨ੍ਹਾਂ ਦੀ ਨਜ਼ਰ ਇਕ ਸ਼ੱਕੀ ਵਿਅਕਤੀ ਤੇ ਪਈ। ਉੱਥੇ ਇੱਕ ਨੌਜਵਾਨ ਨਿਰਮਾਣ ਅਧੀਨ ਦੁਕਾਨ ਦੀ ਕਰੀਬ ਤਿੰਨ ਫੁੱਟ ਉੱਚੀ ਨੀਹ ਦੀ ਓਟ ’ਚ ਬੈਠਾ ਦਿਖਾਈ ਦਿੱਤਾ। ਉਸ ਨੇ ਆਪਣੇ ਕੋਲ ਇੱਕ ਵਜਨਦਾਰ ਚੀਜ਼ ਨੂੰ ਪੀਲੇ ਰੰਗ ਦੇ ਕੱਪੜੇ ਨਾਲ ਢੱਕਿਆ ਹੋਇਆ ਸੀ। ਪੁਲਿਸ ਮੁਤਾਬਕ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਘੇਰ ਕੇ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਮੰਗੂ ਪੁੱਤਰ ਦਾਸ ਰਾਮ, ਵਾਸੀ ਪਿੰਡ ਪੱਜੋਦਿੱਤਾ ਵਜੋਂ ਹੋਈ ਹੈ। ਜਦੋਂ ਪੁਲਿਸ ਨੇ ਉਸ ਦੇ ਕੋਲ ਪਏ ਕੱਪੜੇ ਨੂੰ ਹਟਾ ਕੇ ਗੱਤੇ ਦੀ ਪੇਟੀ ਦੀ ਤਲਾਸ਼ੀ ਲਈ, ਤਾਂ ਉਸ ਵਿੱਚੋਂ ਪੰਜਾਬ ਕਲੱਬ ਕਿੰਗ ਵਿਸਕੀ ਦੀਆਂ 10 ਬੋਤਲਾਂ (ਕੁੱਲ 7500 ਮਿਲੀਲੀਟਰ) ਬਰਾਮਦ ਹੋਈਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।