ਜਾਤੀ ਜਨਗਣਨਾ ਦੇ ਪ੍ਰੋਫਾਰਮੇ ’ਚ ਇਤਰਾਜ਼ਯੋਗ ਸ਼ਬਦਾਵਲੀ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਰੋਸ
ਜਾਤੀ ਜਨਗਣਨਾ ਦੇ ਪ੍ਰੋਫਾਰਮੇ ’ਚ ਇਤਰਾਜ਼ਯੋਗ ਸ਼ਬਦਾਵਲੀ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਰੋਸ
Publish Date: Thu, 07 May 2026 04:01 PM (IST)
Updated Date: Fri, 08 May 2026 04:03 AM (IST)

* ਐੱਸਸੀ/ਐੱਸਟੀ ਐਕਟ ਤਹਿਤ ਕਾਰਵਾਈ ਦੀ ਮੰਗ, ਨਗਰ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੈਮੋਰੈਂਡਮ ਐਚ ਐਸ ਪੀ 1 : ਹੁਸ਼ਿਆਰਪੁਰ ਵਿੱਚ ਜਾਤੀ ਜਨਗਣਨਾ ਦੇ ਪ੍ਰੋਫਾਰਮੇ ਵਿੱਚ ਵਰਤੀ ਗਈ ਕਥਿਤ ਇਤਰਾਜ਼ਯੋਗ ਸ਼ਬਦਾਵਲੀ ਦੇ ਵਿਰੋਧ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਮੈਮੋਰੈਂਡਮ ਸੌਂਪਦੇ ਦਲਿਤ ਜਥੇਬੰਦੀਆਂ ਦੇ ਆਗੂ। ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕੇਂਦਰ ਸਰਕਾਰ ਵੱਲੋਂ ਜਾਤੀ ਜਨਗਣਨਾ ਲਈ ਤਿਆਰ ਕੀਤੇ ਗਏ ਪ੍ਰੋਫਾਰਮੇ ਵਿੱਚ ਵਾਲਮੀਕਿ ਸਮਾਜ ਲਈ ਵਰਤੀ ਗਈ ਕਥਿਤ ਇਤਰਾਜ਼ਯੋਗ ਤੇ ਅਪਮਾਨਜਨਕ ਸ਼ਬਦਾਵਲੀ ਕਾਰਨ ਹੁਸ਼ਿਆਰਪੁਰ ਦੀਆਂ ਦਲਿਤ ਜਥੇਬੰਦੀਆਂ ’ਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਭਗਵਾਨ ਵਾਲਮੀਕਿ ਸਭਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਮੋਹਣ ਲਾਲ ਪਹਿਲਵਾਨ ਤੇ ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਦੇ ਪੰਜਾਬ ਪ੍ਰਧਾਨ ਵਿਕਾਸ ਹੰਸ ਦੀ ਅਗਵਾਈ ਹੇਠ ਵੀਰਵਾਰ ਨੂੰ ਵੱਖ-ਵੱਖ ਜਥੇਬੰਦੀਆਂ ਨੇ ਨਗਰ ਨਿਗਮ ਕਮਿਸ਼ਨਰ ਰਾਹੀਂ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਸੌਂਪ ਕੇ ਪ੍ਰੋਫਾਰਮੇ ਵਿੱਚ ਤੁਰੰਤ ਸੋਧ ਕਰਨ ਦੀ ਮੰਗ ਕੀਤੀ। ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਣ ਲਾਲ ਪਹਿਲਵਾਨ ਨੇ ਕਿਹਾ ਕਿ ਜਾਤੀ ਜਨਗਣਨਾ ਦੇ ਪ੍ਰੋਫਾਰਮੇ ਵਿੱਚ ਵਾਲਮੀਕਿ ਅਤੇ ਆਦਿ ਧਰਮੀ ਸਮਾਜ ਲਈ ਵਰਤੇ ਗਏ ਕੁਝ ਸ਼ਬਦ ਬਹੁਤ ਹੀ ਇਤਰਾਜ਼ਯੋਗ ਹਨ, ਜਿਸ ਨਾਲ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਪ੍ਰੋਫਾਰਮੇ ’ਚੋਂ ਇਤਰਾਜ਼ਯੋਗ ਸ਼ਬਦਾਂ ਨੂੰ ਹਟਾ ਕੇ ਸਨਮਾਨਜਨਕ ਸ਼ਬਦ ਹੀ ਵਰਤੇ ਜਾਣ, ਨਾਲ ਹੀ ਜਿਸ ਸੰਸਥਾ ਜਾਂ ਵਿਅਕਤੀ ਵੱਲੋਂ ਇਹ ਪ੍ਰੋਫਾਰਮਾ ਤਿਆਰ ਕੀਤਾ ਗਿਆ ਹੈ, ਉਸ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ। ਇਸ ਮੌਕੇ ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਦੇ ਪੰਜਾਬ ਪ੍ਰਧਾਨ ਵਿਕਾਸ ਹੰਸ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਇਸ ਪ੍ਰੋਫਾਰਮੇ ਵਿੱਚ ਸੋਧ ਨਾ ਕੀਤੀ ਗਈ ਤਾਂ ਹੋਰ ਐੱਸਸੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਬੰਦ ਜਾਂ ਭਾਰਤ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੀ ਮਰਿਆਦਾ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਵੀ ਹਾਜ਼ਰ ਸਨ।