ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 7 ਜਣੇ ਕਾਬੂ
ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ: ਵੱਖ-ਵੱਖ ਥਾਵਾਂ ਤੋਂ 7 ਵਿਅਕਤੀ ਕਾਬੂ
Publish Date: Thu, 07 May 2026 03:59 PM (IST)
Updated Date: Fri, 08 May 2026 04:03 AM (IST)

ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਮੌਕੇ ਤੇ ਨਸ਼ਾ ਕਰਦਿਆਂ ਤੇ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਐੱਨਡੀਪੀਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ। ਮੁਕੇਰੀਆਂ ਪੁਲਿਸ ਨੇ ਇਕ ਨੌਜਵਾਨ ਨੂੰ ਉਸਾਰੀ ਅਧੀਨ ਇਮਾਰਤ ਕੋਲੋਂ ਨਸ਼ਾ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏਐੱਸਆਈ ਪਵਨ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਇੱਕ ਮਾਰਬਲ ਦੀ ਦੁਕਾਨ ਨੇੜੇ ਗਸ਼ਤ ਕਰ ਰਹੀ ਸੀ, ਤਾਂ ਉਨ੍ਹਾਂ ਨੇ ਸੜਕ ਕਿਨਾਰੇ ਬੈਠੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਸਿਲਵਰ ਫੋਇਲ (ਪੰਨੀ) ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਅਤੇ 10 ਰੁਪਏ ਦੇ ਨੋਟ ਨੂੰ ਪਾਈਪ ਵਾਂਗ ਵਰਤ ਕੇ ਨਸ਼ੀਲੇ ਪਦਾਰਥ ਦਾ ਧੂੰਆਂ ਅੰਦਰ ਖਿੱਚਦੇ ਹੋਏ ਦੇਖਿਆ। ਪੁਲਿਸ ਨੂੰ ਦੇਖ ਕੇ ਮੁਲਜ਼ਮ ਨੇ ਸਮੱਗਰੀ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਦਬੋਚ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਹਰੀਸ਼ ਪੁੱਤਰ ਚਾਂਦ ਕਿਸ਼ੋਰ, ਵਾਸੀ ਮੁਕੇਰੀਆਂ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ ਲਾਈਟਰ, ਸਿਲਵਰ ਵਰਕ ਦੀ ਬਣੀ ਪੰਨੀ ਜਿਸ ਤੇ ਨਸ਼ੀਲਾ ਪਦਾਰਥ ਲੱਗਾ ਹੋਇਆ ਤੇ 10 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵੀ ਦੋ ਨੌਜਵਾਨਾਂ ਨੂੰ ਨਸ਼ਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਏ.ਐਸ.ਆਈ. ਰਾਮ ਮੂਰਤੀ ਦੀ ਟੀਮ ਜਦੋਂ ਬਸੀ ਜਾਨਾਂ ਨੇੜੇ ਕੱਚੇ ਰਸਤੇ ਤੇ ਚੈਕਿੰਗ ਕਰ ਰਹੀ ਸੀ, ਤਾਂ ਝਾੜੀਆਂ ਪਿੱਛੇ ਦੋ ਨੌਜਵਾਨ ਨਸ਼ਾ ਕਰਦੇ ਦਿਖਾਈ ਦਿੱਤੇ। ਦੋਵੇਂ ਨੌਜਵਾਨ ਕਥਿਤ ਤੌਰ ’ਤੇ ਵਾਰੋ-ਵਾਰੀ ਸਿਲਵਰ ਫੋਇਲ ਤੋਂ ਉੱਠ ਰਹੇ ਨਸ਼ੀਲੇ ਧੂੰਏਂ ਨੂੰ ਮੂੰਹ ਰਾਹੀਂ ਖਿੱਚ ਰਹੇ ਸਨ। ਪੁਲਿਸ ਨੇ ਮੌਕੇ ਤੋਂ ਦੋਵੇਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਮਨੀਸ਼ ਕੁਮਾਰ ਵਾਸੀ ਪਿੰਡ ਬਡਿਆਲ ਅਤੇ ਮਨਜਿੰਦਰ ਸਿੰਘ ਉਰਫ ਬੰਟੀ ਵਾਸੀ ਪਿੰਡ ਧਿਗਾਣਗੜ੍ਹ ਵਜੋਂ ਹੋਈ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜਮੀਨ ਤੇ ਸਿਲਵਰ ਵਰਕ ਦੀ ਸੁੱਟੀ ਹੋਈ ਕਾਲੀ ਪੰਨੀ, 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਅਤੇ ਲਾਈਟਰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 4 ਵਿਅਕਤੀਆਂ ਨੂੰ ਨਸ਼ੇ ਦੀ ਹਾਲਤ ’ਚ ਘੁੰਮਦੇ ਹੋਏ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਏਐੱਸਆਈ ਜੋਗਿੰਦਰ ਸਿੰਘ ਨੇ ਮੁਖ਼ਬਰ ਦੀ ਇਤਲਾਹ ਤੇ ਗੁਰਵਿੰਦਰ ਸਿੰਘ ਉਰਫ ਕਾਲੀ ਅਤੇ ਭੁਪਿੰਦਰ ਸਿੰਘ ਉਰਫ ਭਿੰਦਾ (ਦੋਵੇਂ ਵਾਸੀ ਤਨੂੰਲੀ) ਨੂੰ ਪਿੰਡ ਤਨੂੰਲੀ ਤੋਂ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਕਥਿਤ ਤੌਰ ਤੇ ਨਸ਼ੇ ਦੀ ਹਾਲਤ ’ਚ ਘੁੰਮ ਰਹੇ ਸਨ। ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਇਨ੍ਹਾਂ ਦਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ। ਇੱਕ ਹੋਰ ਮਾਮਲੇ ਵਿੱਚ ਏ.ਐਸ.ਆਈ. ਕਰਨੈਲ ਸਿੰਘ ਨੇ ਸੁਰਜੀਤ ਸਿੰਘ ਉਰਫ ਹੱਡੀ ਅਤੇ ਸੁਖਦੇਵ ਸਿੰਘ (ਦੋਵੇਂ ਵਾਸੀ ਪਿੰਡ ਹਾਰਟਾ) ਨੂੰ ਬਡਲਾ ਚੋਅ ਦੇ ਬੰਨ੍ਹ ਤੋਂ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਵੀ ਕਥਿਤ ਤੌਰ ਤੇ ਨਸ਼ੇ ਦੇ ਪ੍ਰਭਾਵ ਹੇਠ ਸਨ। ਡਾਕਟਰੀ ਜਾਂਚ ਦੌਰਾਨ ਇਨ੍ਹਾਂ ਦੇ ਨਸ਼ਾ ਕਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਹੈ।