ਜ਼ਿਲ੍ਹੇ ’ਚ ਜਨਗਣਨਾ ਦੀ ਸ਼ੁਰੂਆਤ, ਵਿਧਾਇਕ ਜਿੰਪਾ ਤੇ ਡਾ. ਇਸ਼ਾਂਕ ਨੇ ਕੀਤੀ ਆਨਲਾਈਨ ਰਜਿਸਟਰੇਸ਼ਨ
ਜ਼ਿਲ੍ਹੇ ’ਚ ਜਨਗਣਨਾ ਦੀ ਸ਼ੁਰੂਆਤ, ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕੀਤੀ ਆਨਲਾਈਨ ਰਜਿਸਟਰੇਸ਼ਨ
Publish Date: Thu, 30 Apr 2026 07:28 PM (IST)
Updated Date: Fri, 01 May 2026 04:17 AM (IST)

ਐਚ ਐਸ ਪੀ : 8 ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਬਾਰੇ ਟੀਮ ਨਾਲ ਗੱਲਬਾਤ ਕਰਦੇ ਹੋਏ। 9 ਵਿਧਾਇਕ ਬ੍ਰਮ ਸ਼ੰਕਰ ਜਿੰਪਾ 2026-27 ਦੀ ਜਨਗਣਨਾ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਉਂਦੇ ਹੋਏ। ਲੋਕਾਂ ਨੂੰ ਜਨਗਣਨਾ ’ਚ ਸ਼ੁਮਾਰ ਹੋ ਕੇ ਮਰਦਮਸ਼ੁਮਾਰੀ ਨੂੰ ਕਾਮਯਾਬ ਬਣਾਉਣ ਦਾ ਸੱਦਾ ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ 14 ਮਈ ਤੱਕ ਆਪਣੀ ਜਾਣਕਾਰੀ ਆਨਲਾਈਨ ਭਰਨ ਦੀ ਅਪੀਲ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿਚ ਜਨਗਣਨਾ-2026-27 ਦੀ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਣਕਾਰੀ https://se.census.gov.in ’ਤੇ 14 ਮਈ ਤੱਕ ਆਨਲਾਈਨ ਭਰ ਸਕਦੇ ਹਨ ਜਿਸ ਨਾਲ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਉਨ੍ਹਾਂ ਲਈ ਬਹੁਤ ਸੁਖਾਲੀ ਹੋ ਜਾਵੇਗੀ। ਜਨਗਣਨਾ ਦੀ ਸ਼ੁਰੂਆਤ ਮੌਕੇ ਆਪਣੀ ਰਜਿਸਟਰੇਸ਼ਨ ਕਰਵਾਉਂਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਨਗਣਨਾ ਵਿਚ ਲੋਕਾਂ ਦੀ ਭਰਵੀਂ ਹਿੱਸੇਦਾਰੀ ਬਹੁਤ ਲਾਜ਼ਮੀ ਹੈ ਜਿਸ ਲਈ ਸਾਰਿਆਂ ਨੂੰ ਇਸ ਪ੍ਰਕਿਰਿਆ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 14 ਮਈ ਤੱਕ ਜ਼ਿਲ੍ਹਾ ਵਾਸੀ ਆਪਣੀ ਜਾਣਕਾਰੀ ਆਨਲਾਈਨ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪਰਿਵਾਰ ਆਪਣੀ ਜਾਣਕਾਰੀ ਆਨਲਾਈਨ ਨਹੀਂ ਸਾਂਝੀ ਕਰ ਸਕਦਾ ਤਾਂ ਉਹ 15 ਮਈ ਤੋਂ ਘਰ-ਘਰ ਆ ਕੇ ਸਰਵੇਖਣ ਕਰਨ ਵਾਲੇ ਗਿਣਤੀਕਾਰਾਂ ਰਾਹੀਂ ਆਪਣੇ ਪਰਿਵਾਰਾਂ ਦੀ ਜਾਣਕਾਰੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਹੀ ਸੁਖਾਲੀ ਅਤੇ ਸੌਖੇ ਹੀ ਸਮਝ ਆ ਜਾਣ ਵਾਲੀ ਹੈ ਜਿਸ ਨੂੰ ਲੋਕਾਂ ਵਲੋਂ ਆਸਾਨੀ ਨਾਲ ਆਨਲਾਈਨ ਮੁਕੰਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਉਪਰੰਤ ਫਰਵਰੀ 2027 ਵਿਚ ਇਕ ਵਿਸਥਾਰ ਸਰਵੇਖਣ ਵੀ ਕੀਤਾ ਜਾਵੇਗਾ, ਜਿਨ੍ਹਾਂ ਪਰਿਵਾਰਾਂ ਨੇ ਪਹਿਲਾਂ ਹੀ ਆਨਲਾਈਨ ਸਵੈ-ਗਣਨਾ ਕਰ ਲਈ ਹੋਵੇਗੀ, ਉਹ ਗਿਣਤੀਕਾਰ ਨੂੰ ਸਿਰਫ਼ ਆਪਣੀ ਸਵੈ-ਗਣਨਾ ਵਾਲੀ ਆਈ.ਡੀ. ਦਿਖਾ ਕੇ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਹਨ।ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਆਪਣੀ ਰਜਿਸਟਰੇਸ਼ਨ ਆਨਲਾਈਨ ਕਰਵਾਉਂਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਪੋਰਟਲ ਜਾਂ ਗਿਣਤੀਕਾਰਾਂ ਰਾਹੀਂ ਜਨਗਣਨਾ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਮੁਕੰਮਲ ਜਾਣਕਾਰੀ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ 15 ਦਿਨਾਂ ਤੱਕ 24X7 ਚੱਲਣ ਵਾਲੇ ਪੋਰਟਲ https://se.census.gov.in ’ਤੇ ਲੋਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ’ਤੇ ਮਕਾਨਾਂ ਅਤੇ ਆਬਾਦੀ ਦੀ ਜਾਣਕਾਰੀ ਲਈ ਆਸਾਨ ਸਵਾਲ ਦਿੱਤੇ ਗਏ ਹਨ ਜਿਸ ਨੂੰ ਸਹਿਜੇ ਹੀ ਭਰਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਨਗਣਨਾ ਟੀਮ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਲੋਕਾਂ ਲਈ ਆਨਲਾਈਨ ਅਤੇ ਗਿਣਤੀਕਾਰਾਂ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣ ਦੀ ਸਹੂਲਤ ਹੈ। ਉਨ੍ਹਾਂ ਦੱਸਿਆ ਕਿ ਹਰ ਘਰ ਲਈ ਇਕ ਮੋਬਾਇਲ ਨੰਬਰ ਰਜਿਸਟਰਡ ਕੀਤਾ ਜਾਵੇਗਾ ਜਿਸ ਲਈ ਪਰਿਵਾਰ ਦੇ ਮੁਖੀ ਵਲੋਂ ਐਂਟਰੀ ਕੀਤੀ ਜਾਵੇਗੀ ਅਤੇ ਇਸ ਪ੍ਰਕਿਰਿਆ ਦੌਰਾਨ ਪਰਿਵਾਰ ਦੇ ਮੁਖੀ ਦਾ ਨਾਮ ਬਦਲਿਆ ਨਹੀਂ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰਕਿਰਿਆ ਬਹੁਤ ਹੀ ਸੁਖਾਲੀ ਹੈ ਜਿਸ ਵਿਚ ਜ਼ਿਆਦਾਤਰ ਸਵਾਲ ਵਿਕਲਪ ਆਧਾਰਤ ਹਨ ਅਤੇ ਰਜਿਸਟਰੇਸ਼ਨ ਉਪਰੰਤ ਇਕ ਗਿਆਰਾਂ ਅੰਕਾਂ ਦਾ ਕੋਡ ਮਿਲੇਗਾ ਅਤੇ ਉਹ ਕੋਡ ਗਿਣਤੀਕਾਰ ਨੂੰ ਦੱਸਣ ਨਾਲ ਸਮੁੱਚੀ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਨਲਾਈਨ ਜਾਣਕਾਰੀ ਭਰ ਕੇ ਮੁਕੰਮਲ ਕਰਨ ਤੋਂ ਪਹਿਲਾਂ ਇਕ ਵਾਰ ਚੰਗੀ ਤਰ੍ਹਾਂ ਚੈੱਕ ਕਰ ਲਿਆ ਜਾਵੇ ਤਾਂ ਜੋ ਸਹੀ ਅਤੇ ਦਰੁਸਤ ਜਾਣਕਾਰੀ ਹੀ ਅਪਲੋਡ ਹੋ ਸਕੇ। ਮਰਦਮਸ਼ੁਮਾਰੀ ਦੀ ਪ੍ਰਕਿਰਿਆ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਲੋੜੀਂਦੇ ਇੰਤਜ਼ਾਮ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਸਮੁੱਚੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਵਿਚ ਗਿਣਤੀਕਾਰਾਂ ਨਾਲ ਪੂਰਾ ਸਹਿਯੋਗ ਕਰਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰਹੇਗੀ।