ਜੇਜੋਂ-ਫਗਵਾੜਾ ਰੇਲ ਸੰਪਰਕ ਸ਼ੁਰੂ ਹੋਣ ਨਾਲ ਲੋਕਾਂ ਦੀ ਚਿਰੋਕਲੀ ਮੰਗ ਹੋਈ ਪੂਰੀ : ਡਾ. ਇਸ਼ਾਂਕ ਕੁਮਾਰ
ਜੇਜੋਂ-ਫਗਵਾੜਾ ਰੇਲ ਸੰਪਰਕ ਸ਼ੁਰੂ ਹੋਣ ਨਾਲ ਲੋਕਾਂ ਦੀ ਚਿਰੋਕਲੀ ਮੰਗ ਹੋਈ ਪੂਰੀ : ਡਾ. ਇਸ਼ਾਂਕ ਕੁਮਾਰ
Publish Date: Thu, 30 Apr 2026 05:48 PM (IST)
Updated Date: Fri, 01 May 2026 04:12 AM (IST)

ਐਚ ਐਸ ਪੀ 10, 11 : ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਜੇਜੋਂ ਦੋਆਬਾ ਸਟੇਸ਼ਨ ਤੋਂ ਫਗਵਾੜਾ ਲਈ ਸ਼ੁਰੂ ਹੋਈ ਰੇਲ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ। * ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਰੇਲ ਮੰਤਰੀ ਕੋਲ ਚੁੱਕਿਆ ਸੀ ਮੁੱਦਾ * ਕੰਢੀ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਵੀ ਮਿਲੇਗੀ ਵੱਡੀ ਸਹੂਲਤ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜੇਜੋਂ-ਫਗਵਾੜਾ ਰੇਲ ਸੇਵਾ ਦੀ ਸ਼ੁਰੂਆਤ ਮੌਕੇ ਕਿਹਾ ਕਿ ਇਹ ਰੇਲ ਸੰਪਰਕ ਸ਼ੁਰੂ ਹੋਣ ਨਾਲ ਨਾ ਸਿਰਫ਼ ਲੋਕਾਂ ਦੀ ਚਿਰੋਕਲੀ ਮੰਗ ਪੂਰੀ ਹੋਈ ਹੈ ਸਗੋਂ ਇਸ ਨਾਲ ਕੰਢੀ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਵੀ ਸੁਖਾਲੀ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ। ਜੇਜੋਂ ਰੇਲਵੇ ਸਟੇਸ਼ਨ ਤੋਂ ਬੀਤੇ ਦਿਨ ਫਗਵਾੜਾ ਲਈ ਰੇਲ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਕੰਢੀ ਖੇਤਰ ਨੂੰ ਪੰਜਾਬ ਦੇ ਵੱਖ-ਵੱਖ ਕੋਨਿਆਂ ਨਾਲ ਜੋੜਨ ਵਾਲਾ ਇਹ ਮੁੱਖ ਰੇਲ ਸੰਪਰਕ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ ਜਿਸ ਨਾਲ ਲੋਕ ਰੇਲ ਆਵਾਜਾਈ ਦੀ ਸਹੂਲਤ ਤੋਂ ਵਾਂਝੇ ਹੋ ਗਏ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਹਿਲਾਂ ਲੋਕ ਸਭਾ ਅਤੇ ਫਿਰ ਨਿੱਜੀ ਤੌਰ ’ਤੇ ਕੇਂਦਰੀ ਰੇਲ ਮੰਤਰੀ ਕੋਲ ਇਹ ਜਨਤਕ ਮੁੱਦਾ ਰੱਖਿਆ ਜਿਸ ਉਪਰੰਤ ਹੁਣ ਇਹ ਰੇਲ ਸੇਵਾ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਜੋਂ ਵਪਾਰਕ ਗਤੀਵਿਧੀਆਂ ਦਾ ਧੁਰਾ ਰਿਹਾ ਹੈ ਜਿਸ ਕਰਕੇ ਦੋਆਬਾ ਖੇਤਰ ਵਿਚ ਇਸ ਖਿੱਤੇ ਦੀ ਵਿਲੱਖਣ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਰੇਲ ਸੇਵਾ ਸ਼ੁਰੂ ਹੋਣ ਨਾਲ ਜੇਜੋਂ ਤੋਂ ਨਵਾਂਸ਼ਹਿਰ ਵਾਇਆ ਸੈਲਾ-ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਤੋਂ ਫਗਵਾੜਾ ਤੱਕ ਦੀ ਆਵਾਜਾਈ ਬੇਹੱਦ ਸੁਖਾਲੀ ਹੋ ਜਾਵੇਗੀ। ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਸ਼ੁਰੂਆਤ ਦੌਰਾਨ ਇਹ ਰੇਲ ਸੇਵਾ ਵੀਰਵਾਰ ਅਤੇ ਐਤਵਾਰ ਨੂੰ ਛੱਡ ਕੇ ਹਫ਼ਤੇ ਵਿਚ ਪੰਜ ਦਿਨ ਚੱਲੇਗੀ ਜਿਹੜੀ ਕਿ ਸਵੇਰੇ 10:20 ਵਜੇ ਫਗਵਾੜਾ ਤੋਂ ਚੱਲ ਕੇ ਦੁਪਹਿਰ 1:20 ਵਜੇ ਜੇਜੋਂ ਦੋਆਬਾ ਪਹੁੰਚੇਗੀ ਅਤੇ ਦੁਪਹਿਰ 1:45 ਵਜੇ ਜੇਜੋਂ ਦੋਆਬਾ ਤੋਂ ਚੱਲ ਕੇ ਸ਼ਾਮ 5:00 ਵਜੇ ਫਗਵਾੜਾ ਪਹੁੰਚੇਗੀ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਇਸ ਟਰੇਨ ਦੇ ਹੋਰ ਟਾਈਮ ਵਧਾਉਣ ਦੀ ਮੰਗ ਵੀ ਰੱਖੀ ਜਾਵੇਗੀ ਤਾਂ ਜੋ ਲੋਕਾਂ ਨੂੰ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਜੇਜੋਂ ਦੋਆਬਾ ਦੇ ਸਰਪੰਚ ਜੇਜੋਂ ਸਰਪੰਚ ਪਰਵੀਨ ਸੋਨੀ ਅਤੇ ਪੰਚਾਇਤ ਨੇ ਰੇਲ ਸੇਵਾ ਸ਼ੁਰੂ ਹੋਣ ’ਤੇ ਮੈਂਬਰ ਪਾਰਲੀਮੈਂਟ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੇਵਾ ਸ਼ੁਰੂ ਹੋਣ ਨਾਲ ਖੇਤਰ ਵਿਚ ਵਪਾਰਕ ਸਰਗਰਮੀਆਂ ਨੂੰ ਹੋਰ ਬਲ ਮਿਲੇਗਾ। ਜ਼ਿਕਰਯੋਗ ਹੈ ਕਿ ਇਹ ਰੇਲ ਜੇਜੋਂ ਤੋਂ ਚੱਲ ਕੇ ਮਹਿੰਗਰੋਵਾਲ, ਸੈਲਾ ਖੁਰਦ, ਬਡੇਸਰੋਂ, ਸਤਨੌਰ, ਗੜ੍ਹਸ਼ੰਕਰ, ਨਵਾਂਸ਼ਹਿਰ, ਰਾਹੋਂ, ਨਵਾਂਸ਼ਹਿਰ, ਕਰੀਹਾ, ਖਟਕੜ ਕਲਾਂ, ਬੰਗਾ, ਮੱਲੂਪੋਤਾ, ਮੰਢਾਲੀ, ਕੁਲਥਮ ਸਟੇਸ਼ਨਾਂ ‘ਤੇ ਰੁਕਦੀ ਹੋਈ ਫਗਵਾੜਾ ਸਟੇਸ਼ਨ ਪਹੁੰਚੇਗੀ। ਇਸ ਮੌਕੇ ਤੇ ਸਰਪੰਚ ਪ੍ਰਵੀਨ ਸੋਨੀ,ਪੰਚ ਰੇਨੂੰ ਬਾਲਾ, ਪੰਚ ਪਿੰਕੀ, ਸੰਜੀਵ ਕੁਮਾਰ, ਅਸ਼ਵਨੀ ਖੰਨਾ, ਬਾਮ ਦੇਵ ਸ਼ਰਮਾ, ਦਿਲਬਾਗ ਮੁਹੰਮਦ, ਤਾਹਿਰ ਹੁਸੈਨ, ਮਮਤਾ ਢਿਲੋਂ, ਰਾਮ ਕੁਮਾਰ ਹਰਜੀਆਣਾ, ਸਰਪੰਚ ਪਾਲਾ, ਰਸ਼ਪਾਲ ਸਿੰਘ ਪਾਲੀ, ਅਸ਼ੋਕ ਕੁਮਾਰ, ਸਰਪੰਚ ਰੁਪਿੰਦਰ ਸਿੰਘ, ਐਸ.ਐਮ.ਸੀ. ਚੇਅਰਮੈਨ ਮੈਡਮ ਗਿਰਜ਼ਾ ਆਦਿ ਵੀ ਮੌਜੂਦ ਸਨ।