ਪੰਜਾਬ ’ਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪਾਬੰਦੀ, ਸਕੂਲਾਂ ਨੇੜੇ ਨਹੀਂ ਮਿਲੇਗੀ ‘ਕੈਫੀਨ ਦੀ ਖੁਰਾਕ’
ਪੰਜਾਬ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪਾਬੰਦੀ, ਸਕੂਲਾਂ ਨੇੜੇ ਨਹੀਂ ਮਿਲੇਗੀ ‘ਕੈਫੀਨ ਦੀ ਖੁਰਾਕ’
Publish Date: Thu, 30 Apr 2026 05:46 PM (IST)
Updated Date: Fri, 01 May 2026 04:12 AM (IST)

ਪੰਜਾਬ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪਾਬੰਦੀ, ਸਕੂਲਾਂ ਨੇੜੇ ਨਹੀਂ ਮਿਲੇਗੀ ‘ਕੈਫੀਨ ਦੀ ਖੁਰਾਕ’ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇੱਕ ਅਹਿਮ ਅਤੇ ਸਖ਼ਤ ਫੈਸਲਾ ਲਿਆ ਹੈ। ਸੂਬੇ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਪੰਜਾਬ ਭਰ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਵੱਲੋਂ ਜਾਰੀ ਮਨਾਹੀ ਹੁਕਮ ਅਨੁਸਾਰ ਸਕੂਲ ਕੰਟੀਨਾਂ, ਟੱਕ ਸ਼ਾਪਾਂ ਜਾਂ ਸਕੂਲ ਦੇ ਨੇੜੇ ਪੈਂਦੀਆਂ ਦੁਕਾਨਾਂ ਤੇ ਹੁਣ ਇਹ ਐਨਰਜੀ ਡਰਿੰਕਸ ਨਹੀਂ ਮਿਲਣਗੇ। ਇਸ ਲਈ ਖਾਸ ਘੇਰਾ ਨਿਰਧਾਰਿਤ ਕੀਤਾ ਗਿਆ ਹੈ: ਪੇਂਡੂ ਖੇਤਰ ’ਚ ਸਕੂਲ ਦੇ ਅਹਾਤੇ ਤੋਂ 100 ਮੀਟਰ ਦੇ ਦਾਇਰੇ ਵਿੱਚ ਵਿਕਰੀ ਤੇ ਰੋਕ। ਸ਼ਹਿਰੀ ਖੇਤਰ ’ਚ ਸਕੂਲ ਦੇ ਅਹਾਤੇ ਤੋਂ 50 ਮੀਟਰ ਦੇ ਦਾਇਰੇ ਵਿੱਚ ਵਿਕਰੀ ਤੇ ਰੋਕ। ਇਹ ਪਾਬੰਦੀ 21 ਅਪ੍ਰੈਲ, 2026 ਤੋਂ ਇੱਕ ਸਾਲ ਤੱਕ ਲਾਗੂ ਰਹੇਗੀ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਾਬੰਦੀ ਲਗਾਉਣ ਦਾ ਮੁੱਖ ਕਾਰਨ : ਸਰਕਾਰ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਬਹੁਤ ਸਾਰੇ ਖਾਣ-ਪੀਣ ਕਾਰੋਬਾਰ ਸੰਚਾਲਕ ਬੱਚਿਆਂ ਨੂੰ ਲਾਪਰਵਾਹੀ ਨਾਲ ਐਨਰਜੀ ਡਰਿੰਕਸ ਵੇਚ ਰਹੇ ਹਨ, ਭਾਵੇਂ ਕਿ ਉਨ੍ਹਾਂ ਦੇ ਲੇਬਲਾਂ ਤੇ ਸਪੱਸ਼ਟ ਤੌਰ ਤੇ ਲਿਖਿਆ ਹੈ ਕਿ ਇਹ ਬੱਚਿਆਂ ਲਈ ਸਿਫ਼ਾਰਸ਼ ਨਹੀਂ ਕੀਤਾ ਜਾਂਦਾ ਹੈ। ਇਨ੍ਹਾਂ ਪੀਣ ਵਾਲੇ ਪਦਾਰਥਾਂ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ (80 ਮਿਲੀਗ੍ਰਾਮ ਪ੍ਰਤੀ ਸਰਵਿੰਗ ਤੱਕ) ਹੁੰਦੀ ਹੈ, ਜੋ ਬੱਚਿਆਂ ਦੇ ਤੰਤ੍ਰਿਕ ਤੰਤਰ ਨੂੰ ਉਤੇਜਿਤ ਕਰਦੀ ਹੈ। ਵਿਗਿਆਨਕ ਅਧਿਐਨਾਂ ਦਾ ਹਵਾਲਾ ਦਿੰਦੇ ਹੋਏ, ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਐਨਰਜੀ ਡਰਿੰਕਸ ਵਿੱਚ ਮੌਜੂਦ ਕੈਫੀਨ, ਟੌਰੀਨ ਅਤੇ ਗੁਆਰਾਨਾ ਵਰਗੇ ਤੱਤ ਬੱਚਿਆਂ ਲਈ ਹਾਨੀਕਾਰਕ ਹਨ।