ਗੰਨਾ ਕਾਸ਼ਤਕਾਰਾਂ ਦੇ ਬਕਾਏ ਲਈ 15 ਤੋਂ ਵਿੱਢਾਂਗੇ ਸੰਘਰਸ਼ : ਸਰਬਜੋਤ ਸਾਬੀ
ਗੰਨਾ ਕਾਸ਼ਤਕਾਰਾਂ ਦੇ ਬਕਾਏ ਲਈ 15 ਤੋਂ ਵਿੱਢਾਂਗੇ ਸੰਘਰਸ਼ - ਸਰਬਜੋਤ ਸਿੰਘ ਸਾਬੀ
Publish Date: Thu, 30 Apr 2026 05:29 PM (IST)
Updated Date: Fri, 01 May 2026 04:11 AM (IST)

ਐਚ ਐਸ ਪੀ 41: ਗੰਨਾ ਮਿੱਲ ਪ੍ਰਬੰਧਕਾਂ ਨਾਲ ਬੈਠਕ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਅਤੇ ਹੋਰ। * ਸਾਬੀ ਦੀ ਅਗਵਾਈ ’ਚ ਵਫ਼ਦ ਨੇ ਮੁਕੇਰੀਆਂ ਗੰਨਾ ਮਿੱਲ ਪ੍ਰਬੰਧਕਾਂ ਨਾਲ ਕੀਤੀ ਮੁਲਾਕਾਤ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਪ੍ਰਤੀ ਕੁਇੰਟਲ ਗੰਨੇ ਉੱਤੇ 68.50 ਪੈਸੇ ਦੀ ਸਬਸਿਡੀ ਦੇਣ ਦੇ ਕੀਤੇ ਐਲਾਨ ਮੁਤਾਬਕ ਮੁਕੇਰੀਆਂ ਦੀ ਗੰਨਾ ਮਿੱਲ੍ਹ ਨੂੰ ਗੰਨਾ ਵੇਚਣ ਵਾਲੇ ਕਿਸਾਨਾਂ ਦਾ ਲੱਗਭਗ 55 ਕਰੋੜ ਰੁਪਏ ਬਕਾਇਆ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਗੰਭੀਰ ਮਸਲੇ ਨੂੰ ਲੈ ਕੇ ਕੱਲ ਮੁਕੇਰੀਆਂ ਤੋਂ ਕਾਂਗਰਸ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ’ਚ ਇਕ ਵਫ਼ਦ ਨੇ ਗੰਨਾ ਮਿੱਲ ਮੁਕੇਰੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਸਮੇਂ ਸਰਬਜੋਤ ਸਿੰਘ ਸਾਬੀ ਨੇ ਮਿੱਲ ਪ੍ਰਬੰਧਕਾਂ ਅੱਗੇ ਕਿਸਾਨਾਂ ਦੀ ਮੰਗ ਰੱਖਦਿਆਂ ਕਿਹਾ ਕਿ ਗੰਨੇ ਦੀ ਫ਼ਸਲ ਕਿਸਾਨਾਂ ਲਈ ਨਕਦੀ ਫ਼ਸਲ ਹੈ ਅਤੇ ਇਸ ਦੀ ਅਦਾਇਗੀ ਵਿੱਚ ਹੋ ਰਹੀ ਦੇਰੀ ਕਾਰਨ ਉਹ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਹੋਏ ਹਨ, ਖੇਤੀਬਾੜੀ ਦੇ ਖ਼ਰਚੇ ਵੱਧ ਰਹੇ ਹਨ ਅਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਸਰਕਾਰ ਵੱਲੋਂ ਕੀਤੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨ ਆਪਣੀ ਹੀ ਕਮਾਈ ਲਈ ਦਰ-ਦਰ ਭਟਕਣ ਲਈ ਮਜ਼ਬੂਰ ਹਨ। ਜੇ ਜਲਦ ਹੀ ਕਿਸਾਨਾਂ ਦੀ ਬਕਾਇਆ ਰਕਮ ਜਾਰੀ ਨਾ ਕੀਤੀ ਗਈ ਤਾਂ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਸੰਬੰਧ ਵਿੱਚ 15 ਮਈ ਨੂੰ ਐੱਸਡੀਐੱਮ ਦਫ਼ਤਰ ਮੁਕੇਰੀਆਂ ਅੱਗੇ ਪੰਜਾਬ ਸਰਕਾਰ ਦੇ ਖਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਹ ਧਰਨਾ ਸਿਰਫ਼ ਗੰਨੇ ਦੀ ਅਦਾਇਗੀ ਤੱਕ ਸੀਮਿਤ ਨਹੀਂ ਰੱਖਿਆ ਜਾਵੇਗਾ, ਸਗੋਂ ਇਲਾਕੇ ਨਾਲ ਜੁੜੀਆਂ ਹੋਰ ਗੰਭੀਰ ਸਮੱਸਿਆਵਾਂ ਨੂੰ ਵੀ ਉਠਾਇਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਬਲਜੀਤ ਸਿੰਘ ਨੀਟਾ ਨੰਬਰਦਾਰ ਨੌਸ਼ਹਿਰਾ ਪੱਤਣ, ਹਰਦੇਵ ਸਿੰਘ ਬੌਬੀ ਘਸੀਟਪੁਰ, ਅਵਤਾਰ ਸਿੰਘ ਕੋਟਲੀ, ਲਖਬੀਰ ਸਿੰਘ ਲੱਖੀ ਮਾਨਾਂ, ਕੁਲਬੀਰ ਸਿੰਘ ਬੱਬਾ ਨੌਸ਼ਹਿਰਾ ਪੱਤਣ, ਮਲਕੀਤ ਸਿੰਘ, ਸ਼ਮਿੰਦਰ ਸਿੰਘ ਮੰਝਪੁਰ, ਹਰਦੀਪ ਸਿੰਘ ਸਾਬੀ ਦੇਵੀਦਾਸ ਆਦਿ ਵੀ ਮੌਜ਼ੂਦ ਸਨ।