ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ ਦੋ ਗ੍ਰਿਫ਼ਤਾਰ
ਗੜ੍ਹਸ਼ੰਕਰ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ 'ਚ ਚੋਰੀ ਦੇ ਦੋ ਮੁਲਜ਼ਮ ਗ੍ਰਿਫ਼ਤਾਰ
Publish Date: Thu, 30 Apr 2026 04:39 PM (IST)
Updated Date: Fri, 01 May 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਦਰਜ ਕਰ ਲਏ ਹਨ। ਪੁਲਿਸ ਅਨੁਸਾਰ ਏਐੱਸਆਈ ਓਂਕਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਬੀਨੇਵਾਲ ਤੋਂ ਮਹਿੰਦਵਾਣੀ ਸਾਈਡ ਵੱਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪਾਣੀ ਵਾਲੀ ਟੈਂਕੀ ਕੋਲ ਮਹਿੰਦਵਾਣੀ ਵੱਲੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਬਿਨਾਂ ਨੰਬਰੀ ਕਾਲੇ ਰੰਗ ਦੇ ਹੀਰੋ ਹਾਂਡਾ ਸਪਲੈਂਡਰ ਪਲੱਸ ਮੋਟਰਸਾਈਕਲ ਦੇ ਜਦੋਂ ਕਾਗਜ਼ਾਤ ਮੰਗੇ ਗਏ, ਤਾਂ ਚਾਲਕ ਨੇ ਕਥਿਤ ਤੌਰ ਤੇ ਕਬੂਲ ਕੀਤਾ ਕਿ ਉਸ ਨੇ ਇਹ ਮੋਟਰਸਾਈਕਲ ਅੱਡਾ ਝੁੰਗੀਆਂ ’ਚ ਇਕ ਦੁਕਾਨ ਦੇ ਬਾਹਰੋਂ ਚੋਰੀ ਕੀਤਾ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਹੈਪੀ ਧੀਮਾਨ ਉਰਫ਼ ਸੌਰਵ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਮਹਿੰਦਵਾਣੀ ਵਜੋਂ ਹੋਈ ਹੈ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਇਲਾਕੇ ’ਚ ਪਹਿਲਾਂ ਵੀ ਕਈ ਮੋਟਰਸਾਈਕਲ ਕਥਿਤ ਤੌਰ ਤੇ ਚੋਰੀ ਕੀਤੇ ਹਨ। ਪੁਲਿਸ ਮੁਤਾਬਕ ਇੱਕ ਹੋਰ ਕਾਰਵਾਈ ਵਿੱਚ ਏਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਚੱਕ ਸਿੰਘਾ ਮੋੜ ਸਮੁੰਦੜਾ ਕੋਲ ਮੌਜੂਦ ਸੀ ਤਾਂ ਮੁਖ਼ਬਰ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਅੰਮ੍ਰਿਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਨੂੰ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ ਮੁਲਜ਼ਮ ਨੇ 27-28 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕਿਸੇ ਘਰ ’ਚੋਂ ਪਾਣੀ ਵਾਲੀਆਂ ਟੂਟੀਆਂ ਕਥਿਤ ਤੌਰ ਤੇ ਚੋਰੀ ਕੀਤੀਆਂ ਸਨ। ਉਹ ਇਹ ਚੋਰੀਸ਼ੁਦਾ ਟੂਟੀਆਂ ਇਕ ਬੋਰੇ ’ਚ ਪਾ ਕੇ ਪਨਾਮ ਨਹਿਰ ਕੋਲ ਵੇਚਣ ਦੀ ਫਿਰਾਕ ’ਚ ਖੜ੍ਹਾ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।