ਨਸ਼ਿਆਂ ਖ਼ਿਲਾਫ਼ ਹੁਸ਼ਿਆਰਪੁਰ ਪੁਲਿਸ ਦੀ ਸਖ਼ਤੀ, ਮਹਿਲਾ ਸਮੇਤ ਚਾਰ ਕਾਬੂ
ਨਸ਼ਿਆਂ ਖ਼ਿਲਾਫ਼ ਹੁਸ਼ਿਆਰਪੁਰ ਪੁਲਿਸ ਦੀ ਸਖ਼ਤੀ: ਮਹਿਲਾ ਸਮੇਤ ਚਾਰ ਕਾਬੂ
Publish Date: Thu, 30 Apr 2026 04:11 PM (IST)
Updated Date: Fri, 01 May 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਇੱਕ ਮਹਿਲਾ ਸਮੇਤ ਚਾਰ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਤੇ ਨਸ਼ੇ ਦੀ ਹਾਲਤ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਪੁਲਿਸ ਮੁਤਾਬਕ ਸਿਟੀ ਪੁਲਿਸ ਹੁਸ਼ਿਆਰਪੁਰ ਦੀ ਟੀਮ ਜਦੋਂ ਐਸ.ਆਈ. ਹਰਦੀਪ ਸਿੰਘ ਦੀ ਅਗਵਾਈ ਹੇਠ ਮਿੰਨੀ ਸੈਕਟ੍ਰੀਏਟ ਵੱਲ ਗਸ਼ਤ ਤੇ ਸੀ ਤਾਂ ਬੀਐੱਸਐੱਨਐੱਲ ਕੁਆਰਟਰਾਂ ਕੋਲ ਇੱਕ ਸ਼ੱਕੀ ਮਹਿਲਾ ਪੁਲਿਸ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗੀ। ਸ਼ੱਕੀ ਹਾਲਤ ’ਚ ਰੋਕੀ ਗਈ ਮਹਿਲਾ ਦੀ ਜਦੋਂ ਮਹਿਲਾ ਕਾਂਸਟੇਬਲ ਰੀਮਾ ਵੱਲੋਂ ਤਲਾਸ਼ੀ ਲਈ ਗਈ, ਤਾਂ ਉਸ ਪਾਸੋਂ ਕਥਿਤ ਤੌਰ ’ਤੇ 16 ਗ੍ਰਾਮ ਪੀਲੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਮੁਲਜ਼ਮ ਮਹਿਲਾ ਦੀ ਪਛਾਣ ਨੀਲਮ ਕੱਟੀ (ਪਤਨੀ ਤੀਰਥ ਮੱਲ) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਸਫੀਪੁਰ ਦੀ ਰਹਿਣ ਵਾਲੀ ਹੈ ਪਰ ਹੁਣ ਪਿੰਡ ਬਜਵਾੜਾ ਕਲਾਂ ਵਿਖੇ ਰਹਿ ਰਹੀ ਸੀ। ਟਾਂਡਾ ਪੁਲਿਸ ਨੇ ਪਿੰਡ ਖਡਿਆਲਾ ਦੇ ਸ਼ਮਸ਼ਾਨਘਾਟ ਦੇ ਵਰਾਂਡੇ ਵਿਚੋਂ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਏਐੱਸਆਈ ਸੰਜੀਵ ਕੁਮਾਰ ਦੀ ਟੀਮ ਜਦੋਂ ਕੱਚੇ ਰਸਤੇ ਰਾਹੀਂ ਪਿੰਡ ਧੂਤ ਖੁਰਦ ਵਲ ਨੂੰ ਗਸ਼ਤ ਕਰ ਰਹੀ ਸੀ, ਤਾਂ ਉਨ੍ਹਾਂ ਮੁਲਜ਼ਮ ਨੂੰ ਕਥਿਤ ਤੌਰ ’ਤੇ ਨਸ਼ਾ ਕਰਨ ਦੀ ਤਿਆਰੀ ਵਿੱਚ ਦੇਖਿਆ। ਮੁਲਜ਼ਮ ਪੁਲਿਸ ਨੂੰ ਦੇਖ ਕੇ ਸਿਲਵਰ ਪੇਪਰ ਅਤੇ ਗੋਲ ਕੀਤਾ ਹੋਇਆ 10 ਰੁਪਏ ਦਾ ਨੋਟ ਸੁੱਟ ਕੇ ਭੱਜਣ ਲੱਗਾ ਸੀ, ਪਰ ਪੁਲਿਸ ਨੇ ਮੁਸਤੈਦੀ ਨਾਲ ਉਸ ਨੂੰ ਦਬੋਚ ਲਿਆ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਹੁਜੇਫ ਮੁਹੰਮਦ ਉਰਫ ਬਿਲਾਲ (ਵਾਸੀ ਧੂਤ ਖੁਰਦ) ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ ਲਾਈਟਰ, ਸਿਲਵਰ ਪੇਪਰ (ਪੰਨੀ) ਅਤੇ ਨਸ਼ੇ ਲਈ ਵਰਤਿਆ ਜਾਣ ਵਾਲਾ ਗੋਲ ਨੋਟ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਡੋਪ ਟੈਸਟ ’ਚ ਨਸ਼ੇ ਦੀ ਪੁਸ਼ਟੀ: ਮੇਹਟੀਆਣਾ ਪੁਲਿਸ ਵੱਲੋਂ ਦੋ ਗ੍ਰਿਫ਼ਤਾਰ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਪਿੰਡ ਮੁੱਖਲਿਆਣਾ ਦੇ ਦੋ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਵਿੱਚ ਘੁੰਮਦਿਆਂ ਗ੍ਰਿਫ਼ਤਾਰ ਕੀਤਾ ਹੈ। ਏਐੱਸਆਈ ਜੋਗਿੰਦਰ ਸਿੰਘ ਨੇ ਪਿੰਡ ਹੇੜੀਆਂ ਤੋਂ ਮੁੱਖਲਿਆਣਾ ਰੋਡ ਤੇ ਨਾਕਾਬੰਦੀ ਕਰਕੇ ਤਰਲੋਚਨ ਸਿੰਘ (41) ਅਤੇ ਇੰਦਰਜੀਤ ਸਿੰਘ (28) ਨੂੰ ਕਾਬੂ ਕੀਤਾ। ਮੁਲਜ਼ਮ ਸ਼ਰੇਆਮ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਘੁੰਮ ਕੇ ਜਨਤਕ ਅਮਨ-ਸ਼ਾਂਤੀ ਭੰਗ ਕਰ ਰਹੇ ਸਨ ਅਤੇ ਪੁੱਛਗਿੱਛ ਦੌਰਾਨ ਉਹ ਆਪਣੀ ਹਾਲਤ ਬਾਰੇ ਕੋਈ ਵੀ ਡਾਕਟਰੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਪੁਲਿਸ ਅਨੁਸਾਰ ਦੋਹਾਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਡੋਪ ਟੈਸਟ ਕਥਿਤ ਤੌਰ ’ਤੇ ਪਾਜ਼ੇਟਿਵ ਆਇਆ। ਪੁਲਿਸ ਨੇ ਦੱਸਿਆ ਕਿ ਦੋਹਾਂ ਵਿਅਕਤੀਆਂ ਵੱਲੋਂ ਮੌਕੇ ’ਤੇ ਇਲਾਜ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ।