ਇੰਡਸਟਰੀ ਮਾਲਕ 'ਤੇ ਜਾਨਲੇਵਾ ਹਮਲਾ, ਪਤੀ-ਪਤਨੀ ਸਣੇ ਕਈ ਨਾਮਜ਼ਦ
ਇੰਡਸਟਰੀ ਦੇ ਮਾਲਕ 'ਤੇ ਜਾਨਲੇਵਾ ਹਮਲਾ, ਪੁਲਿਸ ਵੱਲੋਂ ਪਤੀ-ਪਤਨੀ ਸਮੇਤ ਕਈਆਂ ਖ਼ਿਲਾਫ਼ ਮਾਮਲਾ ਦਰਜ
Publish Date: Thu, 30 Apr 2026 04:02 PM (IST)
Updated Date: Fri, 01 May 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇਕ ਉਦਯੋਗਪਤੀ ’ਤੇ ਕਥਿਤ ਜਾਨਲੇਵਾ ਹਮਲਾ ਕਰਨ ਤੇ ਕੁੱਟਮਾਰ ਦੇ ਦੋਸ਼ਾਂ ਹੇਠ ਪਤੀ-ਪਤਨੀ ਸਮੇਤ ਤਿੰਨ ਲੋਕਾਂ ਨੂੰ ਨਾਮਜ਼ਦ ਤੇ 8-10 ਅਣਪਛਾਤਿਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਐੱਫਆਈਆਰ ਮੁਤਾਬਕ ਇਸ ਮਾਮਲੇ ’ਚ ਪ੍ਰਿਤਪਾਲ ਸਿੰਘ, ਉਸ ਦੀ ਪਤਨੀ ਜਸਕਰਨ ਕੌਰ, ਦੋਵੇਂ ਵਾਸੀ ਮੇਘੋਵਾਲ ਗੰਜੀਆ, ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਸਮੇਤ 8-10 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਹਿਮਾਂਸ਼ੁ ਉਪਲ ਵਾਸੀ ਸਥਾਨਕ ਬਹਾਦਰਪੁਰ ਚੌਕ ਨੇ ਸ਼ਿਕਾਇਤ ਵਿੱਚ ਦੱਸਿਆ ਕਿ 25 ਅਪ੍ਰੈਲ 2026 ਨੂੰ ਕਰੀਬ ਦੁਪਹਿਰ 2 ਵਜੇ ਉਹ ਆਪਣੀ ਇੰਡਸਟਰੀ ਦੇ ਬਾਹਰ ਖੜ੍ਹੇ ਸਨ, ਜਦੋਂ ਪ੍ਰਭਾਤ ਚੌਕ ਵੱਲੋਂ ਆਈ ਇੱਕ ਸਿਲਵਰ ਰੰਗ ਦੀ ਫਾਰਚੂਨਰ ਗੱਡੀ ਇੱਕ ਟਰੱਕ ਦੇ ਅੱਗੇ ਰੁਕ ਗਈ। ਗੱਡੀ ਵਿੱਚੋਂ ਉਤਰੇ ਇੱਕ ਵਿਅਕਤੀ ਅਤੇ ਟਰੱਕ ਡਰਾਈਵਰ ਵਿਚਕਾਰ ਕਥਿਤ ਤੌਰ ’ਤੇ ਬਹਿਸਬਾਜ਼ੀ ਹੋਈ, ਜਿਸ ਨਾਲ ਸੜਕ ’ਤੇ ਜਾਮ ਲੱਗ ਗਿਆ। ਜਦੋਂ ਹਿਮਾਂਸ਼ੁ ਉਪਲ ਨੇ ਗੱਡੀ ਸਾਈਡ ’ਤੇ ਲਗਾਉਣ ਲਈ ਕਿਹਾ ਤਾਂ ਗੱਡੀ ਵਿੱਚ ਸਵਾਰ ਵਿਅਕਤੀ ਅਤੇ ਇੱਕ ਮਹਿਲਾ ਨੇ ਉਸ ਨਾਲ ਕਥਿਤ ਤੌਰ ’ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਨੇ ਮੌਕੇ ’ਤੇ ਹੀ ਕਿਸੇ ਨੂੰ ਫੋਨ ਕਰਕੇ ਹਿਮਾਂਸ਼ੁ ਨੂੰ “ਸਬਕ ਸਿਖਾਉਣ” ਲਈ ਬੁਲਾਇਆ। ਇਸ ਤੋਂ ਬਾਅਦ ਹਿਮਾਂਸ਼ੁ ਉਪਲ ਆਪਣੀ ਇੰਡਸਟਰੀ ਅੰਦਰ ਵਾਪਸ ਚਲੇ ਗਏ। ਦੋਸ਼ ਹੈ ਕਿ ਇਸ ਘਟਨਾ ਤੋਂ ਕਰੀਬ 15-20 ਮਿੰਟ ਬਾਅਦ 2-3 ਗੱਡੀਆਂ ਵਿੱਚ ਸਵਾਰ ਹੋ ਕੇ ਇਕ ਔਰਤ ਸਮੇਤ 8-10 ਵਿਅਕਤੀ ਉਸ ਦੀ ਇੰਡਸਟਰੀ ਦੇ ਬਾਹਰ ਆਏ ਅਤੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਹੋਏ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਇੰਡਸਟਰੀ ਵਿੱਚ ਪਈਆਂ ਲੋਹੇ ਦੀਆਂ ਰਾਡਾਂ ਅਤੇ ਪਾਈਪ ਚੁੱਕ ਕੇ ਹਿਮਾਂਸ਼ੁ ਉਪਲ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇਲਜ਼ਾਮ ਹੈ ਕਿ ਪ੍ਰਿਤਪਾਲ ਸਿੰਘ ਨੇ ਤਿੱਖੇ ਪਾਈਪ ਨਾਲ ਹਿਮਾਂਸ਼ੁ ਉਪਲ ਦੇ ਸਿਰ ’ਤੇ ਵਾਰ ਕੀਤਾ, ਜਦਕਿ ਲਾਲ ਸੈਂਡੋ ਪਹਿਨੇ ਅਣਪਛਾਤੇ ਵਿਅਕਤੀ ਨੇ ਉਸ ਦੀ ਪਿੱਠ ’ਤੇ ਰਾਡ ਨਾਲ ਵਾਰ ਕੀਤਾ। ਜਸਕਰਨ ਕੌਰ ਵੱਲੋਂ ਕਥਿਤ ਤੌਰ ’ਤੇ ਕੀਤੇ ਵਾਰਾਂ ਨਾਲ ਉਸ ਦੇ ਮੁੰਹ ’ਤੇ ਚੋਟਾਂ ਲੱਗੀਆਂ ਅਤੇ ਇੱਕ ਦੰਦ ਟੁੱਟ ਗਿਆ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਉਰਫ਼ ਹੈਪੀ ਵੱਲੋਂ ਵੀ ਰਾਡ ਨਾਲ ਵਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਹਿਮਾਂਸ਼ੂ ਉੱਪਲ ਦਾ ਮੋਬਾਈਲ ਫ਼ੋਨ ਖੋਹ ਕੇ ਤੋੜ ਦਿੱਤਾ ਅਤੇ ਉਸ ਦੀ ਰਾਡੋ ਘੜੀ ਵੀ ਖੋਹ ਕੇ ਲੈ ਗਏ। ਹਿਮਾਂਸ਼ੂ ਉੱਪਲ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।