ਨਗਰ ਕੌਂਸਲ ਗੜਦੀਵਾਲਾ ‘ਚ ਵੋਟਰ ਸੂਚੀ ਬਣਾਉਣ ਦੌਰਾਨ ਵੱਡੀ ਧਾਂਦਲੀ ਦੇ ਦੋਸ਼
ਨਗਰ ਕੌਂਸਲ ਗੜਦੀਵਾਲਾ ‘ਚ ਵੋਟਰ ਸੂਚੀ ਬਣਾਉਣ ਦੌਰਾਨ ਵੱਡੀ ਧਾਂਦਲੀ ਦੇ ਦੋਸ਼
Publish Date: Wed, 22 Apr 2026 05:57 PM (IST)
Updated Date: Wed, 22 Apr 2026 06:01 PM (IST)

ਗੌਰਵ, ਪੰਜਾਬੀ ਜਾਗਰਣ ਗੜਦੀਵਾਲਾ : ਨਗਰ ਕੌਂਸਲ ਗੜਦੀਵਾਲਾ ਵਿਚ ਵੋਟਰ ਸੂਚੀਆਂ ਦੀ ਤਿਆਰੀ ਦੌਰਾਨ ਵੱਡੇ ਪੱਧਰ ‘ਤੇ ਧਾਂਦਲੀ ਹੋਣ ਦੇ ਦੋਸ਼ ਸਾਹਮਣੇ ਆਏ ਹਨ। ਇਹ ਦੋਸ਼ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਜਨਰਲ ਸਕੱਤਰ ਇਕਬਾਲ ਸਿੰਘ ਕੋਕਲਾ ਨੇ ਲਗਾਏ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀ ‘ਤੇ ਇਤਰਾਜ਼ ਦਰਜ ਕਰਵਾਉਣ ਅਤੇ ਸੁਧਾਈ ਲਈ ਆਖਰੀ ਮਿਤੀ 23 ਅਪ੍ਰੈਲ 2026 ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 21 ਅਪ੍ਰੈਲ ਨੂੰ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਦੀ ਹਾਜ਼ਰੀ ਵਿਚ ਇਤਰਾਜ਼ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਮੌਜੂਦ ਮੁਲਾਜ਼ਮਾਂ ਕੋਲ ਕੋਈ ਅਧਿਕਾਰਕ ਫਾਰਮ ਹੀ ਨਹੀਂ ਸੀ ਤੇ ਸਾਧੇ ਕਾਗਜ਼ ‘ਤੇ ਇਤਰਾਜ਼ ਲਿਖਵਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਫਾਰਮਾਂ ਬਾਰੇ ਪੁੱਛਿਆ ਗਿਆ ਤਾਂ ਕਿਹਾ ਗਿਆ ਕਿ ਬੀਐੱਲਓ ਨੂੰ ਨਹੀਂ ਬੁਲਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਬੇਵਜ੍ਹਾ ਖੱਜਲ-ਖੁਆਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 2 ਦੀ ਲਿਸਟ ਵਿਚ ਸਿਰਫ਼ 310 ਵੋਟਾਂ ਦਰਜ ਹਨ, ਜਦਕਿ ਪਹਿਲਾਂ ਇਹ ਗਿਣਤੀ 500 ਤੋਂ ਵੱਧ ਸੀ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਲਿਸਟ ਤੋਂ ਗਾਇਬ ਹਨ। ਇਸੇ ਤਰ੍ਹਾਂ ਵਾਰਡ ਨੰਬਰ 3 ਵਿਚ ਵੀ ਉਨ੍ਹਾਂ ਦੀ ਮਾਤਾ ਹਰਬੰਸ ਕੌਰ (ਸਾਬਕਾ ਮਿਊਂਸਪਲ ਕੌਂਸਲਰ), ਭਰਾ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਕਈ ਵੋਟਾਂ ਗਾਇਬ ਮਿਲੀਆਂ। ਉਨ੍ਹਾਂ ਦੱਸਿਆ ਕਿ ਜਦੋਂ ਮੁਲਾਜ਼ਮਾਂ ਕੋਲੋਂ ਵਿਧਾਨ ਸਭਾ ਵਾਲੀ ਤਸਦੀਕਸ਼ੁਦਾ ਲਿਸਟ ਮੰਗੀ ਗਈ ਤਾਂ ਉਹ ਵੀ ਉਪਲਬਧ ਨਹੀਂ ਕਰਵਾਈ ਗਈ। ਮੌਕੇ ‘ਤੇ ਮੌਜੂਦ ਕੈਪਟਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਵੋਟਾਂ ਦੂਜੇ ਵਾਰਡ ਵਿਚ ਦਰਜ ਹੋ ਗਈਆਂ ਹਨ ਤੇ ਉਨ੍ਹਾਂ ਨੂੰ ਸੁਧਾਰ ਲਈ ਚਾਰ ਘੰਟੇ ਤੱਕ ਫਾਰਮਾਂ ਲਈ ਉਡੀਕ ਕਰਨੀ ਪਈ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਵੀ ਕੋਈ ਢੰਗ ਦਾ ਜਵਾਬ ਨਹੀਂ ਮਿਲਿਆ। ਇਸ ਮਾਮਲੇ ਨੂੰ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ, ਜਿਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਬਾਅਦ ਵਿਚ ਬੂਥ ਨੰਬਰ 38 ਤੇ 41 ਲਈ ਵਾਧੂ ਸਮਾਂ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਕਬਾਲ ਸਿੰਘ ਕੋਕਲਾ ਨੇ ਦੋਸ਼ ਲਗਾਇਆ ਕਿ ਇਹ ਸਾਰੀ ਪ੍ਰਕਿਰਿਆ ਜਾਣਬੁੱਝ ਕੇ ਖਰਾਬ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਸਡੀਐੱਮ ਦਸੂਆ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਇਸ ਮੌਕੇ ਤੀਰਥ ਸਿੰਘ ਦਾਤਾ (ਪ੍ਰਧਾਨ), ਮਨਜੀਤ ਸਿੰਘ ਰੋਬੀ (ਸਾਬਕਾ ਕੌਂਸਲਰ) ਤੇ ਹੋਰ ਹਾਜ਼ਰ ਸਨ।