ਸ਼੍ਰੀਮਦ ਭਾਗਵਤ ਕਥਾ ਮਨੁੱਖ ਨੂੰ ਆਤਮਿਕ ਤੌਰ ’ਤੇ ਮਜ਼ਬੂਤ ਬਣਾਉਂਦੀ ਹੈ : ਸਾਧਵੀ
ਹੁਸ਼ਿਆਰਪੁਰ ਦੇ ਰੌਸ਼ਨ ਗਰਾਊਂਡ ਵਿੱਚ ਸ਼੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਬ੍ਰਹਮ ਗਿਆਨ ਦੀ ਮਹਿਮਾ ਦਾ ਗੁਣਗਾਨ
Publish Date: Thu, 16 Apr 2026 06:08 PM (IST)
Updated Date: Fri, 17 Apr 2026 04:13 AM (IST)

ਐਚ ਐਸ ਪੀ 44, 45 : ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿੱਚ ਸ਼੍ਰੀਮਦ ਭਾਗਵਤ ਕਥਾ ਦੌਰਾਨ ਸੰਬੋਧਨ ਕਰਦੇ ਸਾਧਵੀ ਵੈਸ਼ਣਵੀ ਭਾਰਤੀ ਅਤੇ ਹਾਜ਼ਰ ਸੰਗਤ। * ਹੁਸ਼ਿਆਰਪੁਰ ਦੇ ਰੌਸ਼ਨ ਗਰਾਊਂਡ ਵਿੱਚ ਸ਼੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਬ੍ਰਹਮ ਗਿਆਨ ਦੀ ਮਹਿਮਾ ਦਾ ਗੁਣਗਾਨ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰੌਸ਼ਨ ਗਰਾਊਂਡ ਹੁਸ਼ਿਆਰਪੁਰ ’ਚ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਗਿਆਨ ਯੱਗ ਦੇ ਦੂਜੇ ਦਿਨ ਵਿਸ਼ਵ ਵਿਖਿਆਤ ਭਾਗਵਤ ਭਾਸਕਰ ਸਾਧਵੀ ਵੈਸ਼ਣਵੀ ਭਾਰਤੀ ਨੇ ਭਗਵਤ ਮਹਾਤਮ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਸ਼੍ਰੀਮਦ ਭਾਗਵਤ ਕੇਵਲ ਇੱਕ ਗ੍ਰੰਥ ਨਹੀਂ, ਸਗੋਂ ਭਗਤੀ ਰਸ ਦਾ ਉਹ ਸਾਗਰ ਹੈ ਜੋ ਮਨੁੱਖੀ ਮਨ ਦੇ ਅੰਧਕਾਰ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਫੈਲਾਉਂਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਣ ਨਾਲ ਸੱਚੀ ਲਗਨ ਮਨੁੱਖ ਦੇ ਜੀਵਨ ਨੂੰ ਪ੍ਰਕਾਸ਼ਿਤ ਕਰਦੀ ਹੈ ਅਤੇ ਭਾਗਵਤ ਕਥਾ ਮਾਇਆ ਦੇ ਅੰਧਕਾਰ ਨੂੰ ਦੂਰ ਕਰਨ ਵਿੱਚ ਸਮਰੱਥ ਹੈ। ਇਹ ਕਥਾ ਮਨੁੱਖ ਦੀ ਅੰਦਰੂਨੀ ਕਮਜ਼ੋਰੀਆਂ ਨੂੰ ਦੂਰ ਕਰਕੇ ਉਸਨੂੰ ਆਤਮਿਕ ਤੌਰ ‘ਤੇ ਮਜ਼ਬੂਤ ਬਣਾਉਂਦੀ ਹੈ। ਸਾਧਵੀ ਵੈਸ਼ਣਵੀ ਭਾਰਤੀ ਨੇ ਆਤਮਦੇਵ ਅਤੇ ਧੁੰਧਲੀ ਦੀ ਕਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪਤੀ-ਪਤਨੀ ਦੇ ਰਿਸ਼ਤਿਆਂ ਵਿੱਚ ਦਰਾਰਾਂ ਵੱਧ ਰਹੀਆਂ ਹਨ ਅਤੇ ਸਮਾਜ ਵਿੱਚ ਰਿਸ਼ਤੇ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰਕ ਮੁੱਲਾਂ ਨੂੰ ਸੰਭਾਲਣ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਮਹਾਭਾਰਤ ਦੇ ਪ੍ਰਸੰਗਾਂ ਰਾਹੀਂ ਸਮਝਾਇਆ ਕਿ ਭੌਤਿਕ ਤਾਕਤ ਨਾਲੋਂ ਆਤਮਿਕ ਤਾਕਤ ਵੱਧ ਮਹੱਤਵਪੂਰਨ ਹੈ। ਭਗਵਾਨ ਸ਼੍ਰੀ ਕ੍ਰਿਸ਼ਣ ਨੇ ਅਰਜੁਨ ਨੂੰ ਆਤਮ-ਗਿਆਨ ਦੇ ਕੇ ਉਸਨੂੰ ਨਿਰਾਸ਼ਾ ਤੋਂ ਬਚਾਇਆ ਤੇ ਜਿੱਤ ਪ੍ਰਦਾਨ ਕੀਤੀ। ਅੱਜ ਵੀ ਮਨੁੱਖ ਜੀਵਨ ਦੇ ਸੰਘਰਸ਼ਾਂ ਵਿੱਚ ਹਤਾਸ਼ ਹੋ ਜਾਂਦਾ ਹੈ, ਜਿਸ ਤੋਂ ਬਚਣ ਲਈ ਬ੍ਰਹਮ ਗਿਆਨ ਦੀ ਲੋੜ ਹੈ। ਕਥਾ ਦੀ ਸ਼ੁਰੂਆਤ ਮੁੱਖ ਯਜਮਾਨ ਮਨੀਸ਼ ਗੁਪਤਾ, ਰਾਹੁਲ ਗੁਪਤਾ, ਊਸ਼ਾ ਗੁਪਤਾ ਅਤੇ ਦੈਨਿਕ ਯਜਮਾਨ ਮੁਕੇਸ਼ ਬੱਗਾ, ਵੀਨਾ ਬੱਗਾ ਆਦਿ ਵੱਲੋਂ ਪਰਿਵਾਰ ਸਮੇਤ ਭਾਗਵਤ ਪੂਜਨ ਨਾਲ ਕੀਤੀ ਗਈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਨਿਤਿਨ ਗੁਪਤਾ ਨੰਨੂ, ਨਿਤਿਨ ਗਾਂਧੀ, ਹਰੀਸ਼ ਖੋਸਲਾ, ਮੋਨਿਕਾ ਕਤਨਾ, ਵਿਜੈ ਅਰੋੜਾ, ਦਿਨੇਸ਼ ਕੌਸ਼ਲ ਸਮੇਤ ਸ਼ਹਿਰ ਦੇ ਕਈ ਪਤਵੰਤੇ ਮੌਜੂਦ ਸਨ। ਅੰਤ ਵਿੱਚ ਸਵਾਮੀ ਸੱਜਣਾਂਨੰਦ ਜੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਥਾ ਹਜੇ ਪੰਜ ਦਿਨ ਹੋਰ ਚੱਲੇਗੀ ਅਤੇ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਕਥਾ ਦਾ ਲਾਭ ਲੈਣ।