ਸਿਵਲ ਸਰਜਨ ਨੇ ਕੀਤੀ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ
ਸਿਵਲ ਸਰਜਨ ਨੇ ਕੀਤੀ ਆਮ ਆਦਮੀ ਕਲੀਨਿਕਾਂ ਦੀ ਚੈਕਿੰਗ
Publish Date: Mon, 13 Apr 2026 06:33 PM (IST)
Updated Date: Tue, 14 Apr 2026 04:07 AM (IST)

ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਦਿੱਤਾ ਜਾਵੇ ਪੂਰਾ ਸਿਹਤ ਲਾਭ: ਡਾ ਮਨਦੀਪ ਕਮਲ ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਆਮ ਆਦਮੀ ਕਲੀਨਿਕ ਅਜਨੋਹਾ ਅਤੇ ਆਮ ਆਦਮੀ ਕਲੀਨਿਕ ਫੁਗਲਾਨਾ ਦੀ ਅਚਨਚੇਤ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਸਮੂਹ ਸਟਾਫ਼ ਡਿਊਟੀ ’ਤੇ ਹਾਜ਼ਰ ਪਾਇਆ ਗਿਆ ਅਤੇ ਨਿਰਧਾਰਿਤ ਦਵਾਈਆਂ ਦਾ ਸਟਾਕ ਵੀ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਪਾਇਆ ਗਿਆ। ਇਸ ਮੌਕੇ ਡਾ. ਮਨਦੀਪ ਕਮਲ ਨੇ ਸਟਾਫ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਲੀਨਿਕ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ ਅਤੇ ਜੱਚਾ ਬੱਚਾ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਗਰਭਵਤੀਆਂ ਦੀ ਪਹਿਲਾਂ ਰਜਿਸਟਰੇਸਨ ਕਰਨੀ ਯਕੀਨੀ ਬਣਾਈ ਜਾਵੇ। ਰਜਿਸਟ੍ਰੇਸ਼ਨ ਦੌਰਾਨ ਹਾਈ ਰਿਸਕ ਕੇਸਾਂ ਦੀ ਲਿਸਟ ਬਣਾ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਇਲਾਜ ਕਰਾਉਣ ਲਈ ਆਏ ਸਾਰੇ ਮਰੀਜ਼ਾਂ ਦਾ ਡਾਟਾ ਆਨਲਾਈਨ ਕਰਨ ਤਾਂ ਕਿ ਵਿਭਾਗ ਨੂੰ ਸਿਹਤ ਸਕੀਮਾਂ ਬਣਾਉਣ ਸਬੰਧੀ ਅੰਕੜੇ ਉਪਲੱਬਧ ਹੋ ਸਕਣ, ਅਜਿਹਾ ਕਰਨ ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੋਣ ਨਾਲ ਉਨ੍ਹਾਂ ਦਾ ਇਲਾਜ ਸੌਖਾ ਅਤੇ ਜਲਦੀ ਹੋ ਜਾਂਦਾ ਹੈ। ਉਨ੍ਹਾਂ ਵੈਕਸੀਨ ਦੇ ਕੋਲਡ ਚੇਨ ਪੁਆਇੰਟ ਦਾ ਮੁਆਇਨਾ ਵੀ ਕੀਤਾ। ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰ ਵੱਲੋਂ ਤਜ਼ਵੀਜ਼ ਕੀਤੀ ਦਵਾਈ ਕਲੀਨਿਕ ਵਿੱਚੋਂ ਹੀ ਮਿਲ ਜਾਂਦੀ ਹੈ ਅਤੇ ਸਾਰੇ ਟੈਸਟ ਵੀ ਇੱਥੇ ਹੋ ਜਾਂਦੇ ਹਨ। ਮਨਦੀਪ ਕਮਲ ਨੇ ਕਲੀਨਿਕ ਵਿਚ ਦਵਾਈਆਂ ਦੇ ਸਟਾਕ ਦੀ ਚੈਕਿੰਗ ਵੀ ਕੀਤੀ ਗਈ ਅਤੇ ਸਟਾਫ਼ ਨੂੰ ਹਦਾਇਤ ਕੀਤੀ ਕਿ ਦਵਾਈਆਂ ਦੇ ਖਤਮ ਹੋਣ ਤੋਂ ਪਹਿਲਾਂ ਇਸ ਦੀ ਮੰਗ ਸਮੇਂ ਤੇ ਸਿਵਲ ਸਰਜਨ ਦਫਤਰ ਨੂੰ ਭੇਜੀ ਜਾਵੇ ਤਾਂ ਜੋ ਇਹ ਦਵਾਈਆਂ ਸਮਾਂ ਰਹਿੰਦੇ ਪ੍ਰਾਪਤ ਕੀਤੀਆਂ ਜਾ ਸਕਣ ਅਤੇ ਆਮ ਜਨਤਾ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਿਹਤ ਸੈਂਟਰ ਦਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਿਰ ਸੀ।