ਨਾਗਰਿਕਾਂ ਵੱਲੋਂ ਫਰਜ਼ਾਂ ਦੀ ਪਾਲਣਾ ਨਾਲ ਭਾਰਤ ਬਣੇਗਾ ਵਿਸ਼ਵਗੁਰੂ : ਇੰਦਰੈਸ਼ ਕੁਮਾਰ
ਸਾਰੇ ਨਾਗਰਿਕਾਂ ਵੱਲੋਂ ਫਰਜ਼ਾਂ ਦੀ ਪਾਲਣਾ ਨਾਲ ਭਾਰਤ ਬਣੇਗਾ ਵਿਸ਼ਵਗੁਰੂ — ਇੰਦਰੈਸ਼ ਕੁਮਾਰ
Publish Date: Mon, 13 Apr 2026 04:52 PM (IST)
Updated Date: Tue, 14 Apr 2026 04:05 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਾਸ਼ਟਰੀ ਸਵੈਸੇਵਕ ਸੰਘ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਦੇ ਸਭਾਗਾਰ ਵਿੱਚ ਪ੍ਰਮੁੱਖਜਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੱਗਭੱਗ 300 ਪਤਵੰਤੇ ਵਿਅਕਤੀਆਂ ਨੇ ਭਾਗ ਲਿਆ। ਕਾਰਜਕ੍ਰਮ ਵਿੱਚ ਮੁੱਖ ਵਕਤਾ ਵਜੋਂ ਸੰਘ ਦੇ ਅਖਿਲ ਭਾਰਤੀ ਕਾਰਜਕਾਰਨੀ ਮੈਂਬਰ ਇੰਦਰੈਸ਼ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਹਰ ਨਾਗਰਿਕ ਆਪਣੇ ਫਰਜ਼ਾਂ ਦੀ ਇਮਾਨਦਾਰੀ ਨਾਲ ਪਾਲਣਾ ਕਰੇ, ਤਾਂ ਭਾਰਤ ਨੂੰ ਵਿਸ਼ਵਗੁਰੂ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਸੰਘ ਦੀ ਸ਼ਤਾਬਦੀ ਯਾਤਰਾ ਦਾ ਜ਼ਿਕਰ ਕਰਦਿਆਂ ਸਮਾਜਿਕ ਸਮਰਸਤਾ, ਰਾਸ਼ਟਰ ਨਿਰਮਾਣ ਅਤੇ ਨੌਜਵਾਨਾਂ ਦੀ ਭੂਮਿਕਾ ’ਤੇ ਵਿਸਤਾਰ ਨਾਲ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ‘ਪੰਚ ਪਰਿਵਰਤਨ’ ਨੂੰ ਸਮਾਜਿਕ ਬਦਲਾਅ ਦਾ ਆਧਾਰ ਦੱਸਦੇ ਹੋਏ ਸਮਾਜਿਕ ਸਮਰਸਤਾ, ਕੁਟੁੰਬ ਪ੍ਰਬੋਧਨ, ਵਾਤਾਵਰਨ ਸੁਰੱਖਿਆ, ਸਵ ਬੋਧ ਅਤੇ ਨਾਗਰਿਕ ਫਰਜ਼ਾਂ ਦੀ ਪਾਲਣਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਅਤੇ ਸਵਦੇਸ਼ੀ ਅਪਣਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਸਿੱਖਿਆ ਸਿਰਫ ਗਿਆਨ ਤੱਕ ਸੀਮਿਤ ਨਹੀਂ, ਸਗੋਂ ਚਰਿੱਤਰ ਨਿਰਮਾਣ ਅਤੇ ਰਾਸ਼ਟਰਭਕਤੀ ਦੀ ਭਾਵਨਾ ਪੈਦਾ ਕਰਨ ਦਾ ਮਾਧਿਅਮ ਵੀ ਹੈ। ਜ਼ਿਲ੍ਹਾ ਸੰਘਚਾਲਕ ਅਸ਼ੋਕ ਚੋਪੜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਗੋਸ਼ਟੀ ਦੌਰਾਨ ਹਾਜ਼ਰ ਬੁੱਧੀਜੀਵੀਆਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਸਕਾਰਾਤਮਕ ਬਦਲਾਅ ਲਈ ਆਪਣਾ ਯੋਗਦਾਨ ਦੇਣ ਦਾ ਸੰਕਲਪ ਲਿਆ। ਅੰਤ ਵਿੱਚ ਪ੍ਰਸ਼ਨੋਤਰੀ ਸਤਰ ਵੀ ਕੀਤਾ ਗਿਆ, ਜਿਸ ਵਿੱਚ ਹਾਜ਼ਰ ਲੋਕਾਂ ਨੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਕਾਰਜਕ੍ਰਮ ਦਾ ਸਮਾਪਨ ਰਾਸ਼ਟਰਗਾਨ ਨਾਲ ਕੀਤਾ ਗਿਆ।