ਸਰਕਾਰ ਦੇ ਵਿਕਾਸ ਦੇ ਦਾਅਵੇ ਦਿਖਾਵੇ ਤੱਕ ਸੀਮਿਤ: ਖੰਨਾ
ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵੇ ਦਿਖਾਵੇ ਤੱਕ ਸੀਮਿਤ: ਅਵਿਨਾਸ਼ ਰਾਏ ਖੰਨਾ
Publish Date: Thu, 02 Apr 2026 06:26 PM (IST)
Updated Date: Fri, 03 Apr 2026 04:13 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਵਿਕਾਸ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਅਤੇ ਦਿਖਾਵਿਆਂ ਤੱਕ ਸੀਮਤ ਹਨ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਖੰਨਾ ਨੇ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਆਪਣੇ ਖ਼ੁਦ ਦੇ ਘਰ ਨੂੰ ਜਾਣ ਵਾਲੀ ਗਲੀ ਦੀ ਖ਼ਸਤਾ ਹਾਲਤ ਦਿਖਾਈ ਅਤੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ। ਬਾਕਸ-- ਸੀਵਰੇਜ ਦੇ ਨਾਂ ਤੇ ਮਹੀਨਿਆਂ ਤੋਂ ਪੁੱਟੀਆਂ ਗਲੀਆਂ ਵੀਡੀਓ ਵਿੱਚ ਗਲੀ ਦੀ ਦੁਰਦਸ਼ਾ ਦਿਖਾਉਂਦੇ ਹੋਏ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਇਹ ਗਲੀ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਪਾਈਪਲਾਈਨ ਵਿਛਾਉਣ ਦੇ ਨਾਂ ਤੇ ਪੁੱਟੀ ਹੋਈ ਹੈ। ਉਨ੍ਹਾਂ ਕਿਹਾ ਪਿਛਲੇ ਬਰਸਾਤ ਦੇ ਮੌਸਮ ਵਿੱਚ ਇਸ ਗਲੀ ਤੇ ਪੈਦਲ ਤੁਰਨਾ ਵੀ ਔਖਾ ਸੀ। ਹੁਣ ਜਦੋਂ ਮੁੜ ਬਰਸਾਤ ਦਾ ਮੌਸਮ ਨੇੜੇ ਆ ਰਿਹਾ ਹੈ, ਤਾਂ ਇਸ ਦੀ ਹਾਲਤ ਪਹਿਲਾਂ ਨਾਲੋਂ ਵੀ ਜ਼ਿਆਦਾ ਬਦਤਰ ਹੋਣ ਦਾ ਖ਼ਦਸ਼ਾ ਹੈ। ਬਾਕਸ-- ਆਮ ਜਨਤਾ ਦੀ ਪਹੁੰਚ ’ਤੇ ਸਵਾਲੀਆ ਨਿਸ਼ਾਨ ਸਾਬਕਾ ਸੰਸਦ ਮੈਂਬਰ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇੱਕ ਸਾਬਕਾ ਸੰਸਦ ਮੈਂਬਰ ਦੇ ਇਲਾਕੇ ਦੀ ਹਾਲਤ ਇੰਨੀ ਮਾੜੀ ਹੈ ਅਤੇ ਉਨ੍ਹਾਂ ਨੂੰ ਮਹੀਨਿਆਂ ਤੱਕ ਇਸ ਦੁਰਦਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਆਮ ਜਨਤਾ ਦੀ ਸੁਣਵਾਈ ਕਿੱਥੇ ਹੁੰਦੀ ਹੋਵੇਗੀ? ਉਨ੍ਹਾਂ ਕਿਹਾ ਕਿ ਰੋਜ਼ਾਨਾ ਸੈਂਕੜੇ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਅਤੇ ਆਂਢ-ਗੁਆਂਢ ਦੇ ਲੋਕਾਂ ਲਈ ਵੀ ਇਹ ਮੁੱਖ ਰਸਤਾ ਹੈ, ਜਿਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੰਨਾ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਗਲੀ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਵੀ ਪੰਜਾਬ ਦੇ ਇੱਕ ਨਾਗਰਿਕ ਹਨ ਅਤੇ ਸੰਵਿਧਾਨਿਕ ਤੌਰ ਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ ਹੈ।