ਵਿਦਿਆਰਥਣ ਨੇ ‘ਵਰਸਿਟੀ ’ਚ ਚੌਥਾ ਰੈਂਕ ਕੀਤਾ ਹਾਸਲ
ਐੱਸਪੀਐੱਨ ਕਾਲਜ ਦੀ ਵਿਦਿਆਰਥਣ ਨੇ ‘ਵਰਸਿਟੀ ‘ਚ ਕੀਤਾ ਚੌਥਾ ਰੈਂਕ ਹਾਸਲ
Publish Date: Wed, 18 Mar 2026 03:28 PM (IST)
Updated Date: Wed, 18 Mar 2026 03:31 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਐੱਸਪੀਐੱਨ ਕਾਲਜ ਮੁਕੇਰੀਆਂ ਦੇ ਇਤਿਹਾਸ ਵਿਭਾਗ ਨੇ ਅਕਾਦਮਿਕ ਉੱਤਮਤਾ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਪੋਸਟ-ਗ੍ਰੈਜੂਏਟ (ਐੱਮਏ) ਹਿਸਟਰੀ ਸਮੈਸਟਰ ਪਹਿਲੇ ਦੇ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਐਲਾਨੇ ਗਏ ਨਤੀਜਿਆਂ ਵਿੱਚ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਅਕਾਦਮਿਕ ਸਮਰਪਣ ਦਾ ਪ੍ਰਮਾਣ ਦਿੱਤਾ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣ ਪਾਇਲ ਨੇ 82.25 ਫੀਸਦ ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿੱਚ ਚੌਥਾ ਰੈਂਕ ਅਤੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਰਿਤਿਕਾ ਸ਼ਰਮਾ ਨੇ 81.25 ਫੀਸਦ ਅੰਕਾਂ ਨਾਲ ਕਾਲਜ ’ਚੋਂ ਦੂਜਾ ਸਥਾਨ ਅਤੇ ਨਵਜੋਤ ਕੌਰ ਨੇ 80.50 ਫੀਸਦ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਾ. ਸਮੀਰ ਸ਼ਰਮਾ ਨੇ ਸ਼ਾਨਦਾਰ ਨਤੀਜਿਆਂ ’ਤੇ ਵਿਦਿਆਰਥੀਆਂ ਅਤੇ ਇਤਿਹਾਸ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਸੰਸਥਾ ਦੀ ਗੁਣਵੱਤਾ ਭਰਪੂਰ ਸਿੱਖਿਆ ਅਤੇ ਸਮਰਪਿਤ ਅਧਿਆਪਨ ਪ੍ਰਣਾਲੀ ਦਾ ਪ੍ਰਮਾਣ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਨਿਰੰਤਰ ਤਰੱਕੀ ਦੇ ਰਾਹ ’ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਭਾਗ ਮੁੱਖੀ ਪ੍ਰੋ. ਅਨੁਰਾਧਾ ਨੇ ਕਿਹਾ ਕਿ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਅਤੇ ਯੋਗ ਮਾਰਗਦਰਸ਼ਨ ਸਦਕਾ ਵਿਦਿਆਰਥੀਆਂ ਵਿੱਚ ਵਿਸ਼ੇ ਦੀ ਡੂੰਘੀ ਸਮਝ ਅਤੇ ਖੋਜ ਪ੍ਰਤੀ ਰੁਝਾਨ ਵਿਕਸਿਤ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਇਹ ਉਪਲੱਬਧੀ ਸੰਭਵ ਹੋਈ ਹੈ। ਉਨ੍ਹਾਂ ਨੇ ਪ੍ਰੋ. ਰਿੱਤੂ ਅਤੇ ਪ੍ਰੋ. ਚੇਤਨਾ ਦੇ ਮਾਰਗਦਰਸ਼ਨ ਦਾ ਇਸ ਸਫ਼ਲਤਾ ਵਿੱਚ ਅਹਿਮ ਯੋਗਦਾਨ ਦੱਸਿਆ। ਵਿਭਾਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਅਤੇ ਪ੍ਰਬੰਧਕੀ ਕਮੇਟੀ ਦਾ ਨਿਰੰਤਰ ਸਹਿਯੋਗ, ਮਾਰਗਦਰਸ਼ਨ ਅਤੇ ਹੌਂਸਲਾ ਅਫਜ਼ਾਈ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।