ਸੂਝ-ਬੂਝ ਨਾਲ ਲੁਟੇਰਿਆਂ ਕੋਲੋਂ ਛੁਡਵਾਇਆ ਡੇਢ ਲੱਖ ਦਾ ਫ਼ੋਨ
ਯੁਵਾ ਵਾਹਿਨੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਝ-ਬੂਝ ਨਾਲ ਲੁਟੇਰਿਆਂ ਕੋਲੋਂ ਛੁਡਵਾਇਆ ਔਰਤ ਦਾ ਡੇਢ ਲੱਖ ਦਾ ਫ਼ੋਨ
Publish Date: Sun, 15 Mar 2026 08:04 PM (IST)
Updated Date: Mon, 16 Mar 2026 04:16 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜਲੰਧਰ ਤੋਂ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਜਾ ਰਹੀ ਇੱਕ ਔਰਤ ਦਾ ਖੋਹਿਆ ਮੋਬਾਈਲ ਯੁਵਾ ਵਾਹਿਨੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਛੋਟਾ ਦੀ ਸੂਝ-ਬੂਝ ਨਾਲ ਵਾਪਸ ਮਿਲ ਗਿਆ। ਮੋਬਾਈਲ ਮਿਲਣ ਤੋਂ ਬਾਅਦ ਮਹਿਲਾ ਨੇ ਯੁਵਾ ਵਾਹਿਨੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਜਾਣਕਾਰੀ ਮੁਤਾਬਕ ਪ੍ਰਿਆ, ਜੋ ਜਲੰਧਰ ਦੀ ਰਹਿਣ ਵਾਲੀ ਹੈ ਤੇ ਇੱਕ ਬੁਟੀਕ ਚਲਾਉਂਦੀ ਹੈ, ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨ ਲਈ ਜਾ ਰਹੀ ਸੀ, ਜਦੋਂ ਉਹ ਮਾਤਾ ਚਿੰਤਪੁਰਨੀ ਚੌਕ ਨੇੜੇ ਨਾਰੀਅਲ ਪਾਣੀ ਪੀਣ ਲਈ ਰੁਕੀ ਹੋਈ ਸੀ ਤੇ ਮੋਬਾਈਲ ਫ਼ੋਨ ’ਤੇ ਗੱਲ ਕਰ ਰਹੀ ਸੀ ਤਦ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਕੁਝ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ’ਚ ਕਾਮਯਾਬ ਰਹੇ। ਇਸ ਦੌਰਾਨ ਮੌਕੇ ’ਤੇ ਪਹੁੰਚੇ ਯੁਵਾ ਵਾਹਿਨੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਛੋਟਾ ਨੇ ਪ੍ਰਿਆ ਦਾ ਮੋਬਾਈਲ ਨੰਬਰ ਲੈ ਕੇ ਉਸ ’ਤੇ ਕਾਲ ਕੀਤੀ ਅਤੇ ਲੁਟੇਰਿਆਂ ਨੂੰ ਸਖ਼ਤ ਲਹਿਜੇ ’ਚ ਧਮਕਾਇਆ ਕਿ ਉਨ੍ਹਾਂ ਦੀ ਪਛਾਣ ਹੋ ਚੁੱਕੀ ਹੈ ਤੇ ਇਮਾਨਦਾਰੀ ਨਾਲ ਮੋਬਾਈਲ ਵਾਪਸ ਕਰ ਦਿੱਤਾ ਜਾਵੇ। ਦੂਜੇ ਪਾਸੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਫ਼ੋਨ ਇੱਕ ਖੇਤ ’ਚ ਮਿਲਿਆ ਹੈ ਅਤੇ ਉਹ ਹਰਿਆਣਾ ਰੋਡ ’ਤੇ ਖੜ੍ਹਾ ਹੈ, ਜਿੱਥੇ ਆ ਕੇ ਫ਼ੋਨ ਲੈ ਸਕਦੇ ਹਨ। ਇਸ ਤੋਂ ਬਾਅਦ ਯੁਵਾ ਵਾਹਿਨੀ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਮੋਬਾਈਲ ਫ਼ੋਨ ਲੈ ਕੇ ਪ੍ਰਿਆ ਨੂੰ ਵਾਪਸ ਕਰ ਦਿੱਤਾ। ਉਸ ਨੇ ਕਿਹਾ ਕਿ ਲੱਗਭਗ ਡੇਢ ਲੱਖ ਰੁਪਏ ਕੀਮਤ ਦਾ ਮੋਬਾਈਲ ਵਾਪਸ ਮਿਲਣ ‘ਤੇ ਉਹ ਯੁਵਾ ਵਾਹਿਨੀ ਦੇ ਮੈਂਬਰਾਂ ਦੀ ਧੰਨਵਾਦੀ ਹੈ। ਇਸ ਮੌਕੇ ਤਰਸੇਮ ਲਾਲ, ਸੁਭਾਸ਼ ਅਤੇ ਕਰਮਜੀਤ ਵੀ ਮੌਜੂਦ ਸਨ।