3 ਵਿਅਕਤੀ ਕਾਬੂ; ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਤਿੰਨ ਵਿਅਕਤੀ ਕਾਬੂ; ਐਨ.ਡੀ.ਪੀ.ਐਸ ਐਕਟ ਤਹਿਤ ਮਾਮਲੇ ਦਰਜ
Publish Date: Sun, 15 Mar 2026 08:01 PM (IST)
Updated Date: Mon, 16 Mar 2026 04:16 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ੇ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ’ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰ ਲਏ ਗਏ ਹਨ। ਹਰਿਆਣਾ ਪੁਲਿਸ ਨੇ ਮੋਹਣ ਸਿੰਘ ਪੁੱਤਰ ਫਕੀਰ ਚੰਦ ਵਾਸੀ ਨਿਆਜੀਆ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਲੇਡੀ ਏਐੱਸਆਈ ਪਰਵੀਨ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਢੋਲਵਾਹਾ ਚੌਕ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੁੱਖਬਰ ਖਾਸ ਨੇ ਸੂਚਨਾ ਦਿੱਤੀ ਕਿ ਉਕਤ ਵਿਅਕਤੀ ਬੱਸ ਸਟੈਂਡ ਹਰਿਆਣਾ ਦੇ ਪਿੱਛੇ ਬੈਠ ਕੇ ਕਥਿਤ ਤੌਰ ‘ਤੇ ਨਸ਼ੇ ਦਾ ਸੇਵਨ ਕਰ ਰਿਹਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਕਾਬੂ ਕੀਤਾ ਅਤੇ ਉਸ ਪਾਸੋਂ ਪਲਾਸਟਿਕ ਦੇ ਲਿਫਾਫੇ ਵਿੱਚ ਅਫੀਮ ਨੁਮਾ ਪਦਾਰਥ ਨਾਲ ਲਿਬੜਿਆ ਖਾਲੀ ਲਿਫਾਫਾ ਬਰਾਮਦ ਹੋਣ ਦਾ ਦਾਅਵਾ ਕੀਤਾ। ਬਾਕਸ-- ਦਸੂਹਾ ਪੁਲਿਸ ਦੀ ਕਾਰਵਾਈ ਦਸੂਹਾ ਪੁਲਿਸ ਨੇ ਚਰਨਜੀਤ ਸਿੰਘ ਉਰਫ ਚੰਨੀ ਪੁੱਤਰ ਧਰਮਪਾਲ ਵਾਸੀ ਮੀਰਪੁਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕਾ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਵੇਰਕਾ ਮਿਲਕ ਪਲਾਂਟ ਨੇੜੇ ਪਠਾਨਕੋਟ ਹਾਈਵੇ ‘ਤੇ ਬਣੇ ਪੁਲ ਹੇਠ ਪਹੁੰਚੀ ਤਾਂ ਇੱਕ ਨੌਜਵਾਨ ਲਾਈਟਰ ਨਾਲ ਕਥਿਤ ਤੌਰ ‘ਤੇ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ। ਪੁਲਿਸ ਨੂੰ ਦੇਖ ਕੇ ਉਸ ਨੇ ਆਪਣੇ ਹੱਥ ਵਿਚਲਾ ਸਮਾਨ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਉਸ ਵੱਲੋਂ ਸੁੱਟੇ ਸਮਾਨ ਦੀ ਤਲਾਸ਼ੀ ਦੌਰਾਨ ਇੱਕ ਸਿਲਵਰ ਪੇਪਰ ਦੀ ਬਣੀ ਪੰਨੀ, ਇੱਕ ਲਾਈਟਰ ਅਤੇ 10 ਰੁਪਏ ਦਾ ਨੋਟ ਪਾਇਪ ਨੁਮਾ ਬਰਾਮਦ ਹੋਇਆ। ਬਾਕਸ-- ਸਿਟੀ ਪੁਲਿਸ ਹੁਸ਼ਿਆਰਪੁਰ ਦੀ ਕਾਰਵਾਈ ਸਿਟੀ ਪੁਲਿਸ ਹੁਸ਼ਿਆਰਪੁਰ ਨੇ ਲੁਖਵਿੰਦਰ ਪਾਲ ਉਰਫ ਲੁੱਖਾ ਪੁੱਤਰ ਪਰਮਜੀਤ ਵਾਸੀ ਪਿੰਡ ਕਾਲੀਆ (ਚੱਬੇਵਾਲ) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਨਾਨਕ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੀ ਹੋਈ ਕੋਟੂ ਮੋੜ ਵੱਲ ਜਾ ਰਹੀ ਸੀ। ਇਸ ਦੌਰਾਨ ਕਾਰ ਪਾਰਕਿੰਗ ਦੇ ਪਿੱਛੇ ਲੇਬਰ ਸ਼ੈੱਡ ਨੇੜੇ ਇੱਕ ਨੌਜਵਾਨ ਕਥਿਤ ਤੌਰ ‘ਤੇ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ ਇੱਕ ਲਾਈਟਰ, ਨਸ਼ੀਲੇ ਪਦਾਰਥ ਨਾਲ ਲਿਬੜੀ ਪੰਨੀ ਅਤੇ 10 ਰੁਪਏ ਦਾ ਰੋਲ ਕੀਤਾ ਨੋਟ ਬਰਾਮਦ ਹੋਣ ਦਾ ਦਾਅਵਾ ਕੀਤਾ।