ਔਰਤਾਂ ਦੇ ਹੱਕਾਂ ਲਈ ਕਾਂਗਰਸ ਦਾ ਰੋਸ ਮਾਰਚ, ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਮਹਿਲਾਵਾਂ ਦੇ ਹੱਕਾਂ ਲਈ ਕਾਂਗਰਸ ਦਾ ਰੋਸ ਮਾਰਚ, ਮੁੱਖ ਮੰਤਰੀ ਦਾ ਪੁਤਲਾ ਫੂਕਿਆ
Publish Date: Sun, 15 Mar 2026 06:38 PM (IST)
Updated Date: Mon, 16 Mar 2026 04:13 AM (IST)

ਮਾਡਲ ਟਾਊਨ ਤੋਂ ਕੈਬਨਿਟ ਮੰਤਰੀ ਦੇ ਦਫ਼ਤਰ ਤੱਕ ਕੱਢਿਆ ਮਾਰਚ, ਸਰਕਾਰ ਵਿਰੁੱਧ ਨਾਅਰੇਬਾਜ਼ੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਕਾਂਗਰਸ ਪਾਰਟੀ ਦੇ ਵਰਕਰਾਂ ਨੇ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ ਦੀਆਂ ਔਰਤਾਂ ਵੀ ਸ਼ਾਮਲ ਸਨ, ਸ਼ਾਮ ਚੌਰਾਸੀ ਦੇ ਸਾਬਕਾ ਵਿਧਾਇਕ ਪਵਨ ਆਦੀਆ ਤੇ ਉਨ੍ਹਾਂ ਦੀ ਧਰਮ ਪਤਨੀ ਕੁਸਮ ਆਦੀਆ ਦੀ ਅਗਵਾਈ ਹੇਠ ਐਤਵਾਰ ਨੂੰ ਮਾਡਲ ਟਾਊਨ ’ਚ ਰੋਸ ਮਾਰਚ ਕੱਢਿਆ। ਇਹ ਮਾਰਚ ਪਵਨ ਆਦੀਆ ਦੇ ਘਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸ਼ਾਮ ਚੌਰਾਸੀ ਦੇ ਮੌਜੂਦਾ ਵਿਧਾਇਕ ਡਾ. ਰਵਜੋਤ ਸਿੰਘ ਦੇ ਦਫ਼ਤਰ ਤੱਕ ਗਿਆ। ਉੱਥੇ ਪਹੁੰਚ ਕੇ ਕਾਂਗਰਸੀ ਵਰਕਰਾਂ ਨੇ ਕੁਝ ਸਮੇਂ ਲਈ ਧਰਨਾ ਵੀ ਦਿੱਤਾ ਤੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਬਾਕਸ-- ਬਜਟ ਨੂੰ ਘਾਟੇ ਵਾਲਾ ਦੱਸਿਆ ਇਸ ਮੌਕੇ ਸੰਬੋਧਨ ਕਰਦੇ ਹੋਏ ਪਵਨ ਆਦੀਆ ਨੇ ਕਿਹਾ ਕਿ ਹਾਲ ਹੀ ’ਚ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਘਾਟੇ ਵਾਲਾ ਬਜਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ’ਚ ਇੰਨੀ ਰਕਮ ਵੀ ਨਹੀਂ ਰੱਖੀ ਗਈ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਤੇ ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਦਿੱਤੇ ਜਾ ਸਕਣ। ਬਾਕਸ-- ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਏ ਉਨ੍ਹਾਂ ਦੋਸ਼ ਲਾਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ 18 ਸਾਲ ਤੋਂ ਉੱਪਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਤੇ ਕਿਸਾਨਾਂ ਨੂੰ ਐੱਮਐੱਸਪੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣੇ ਚਾਰ ਸਾਲ ਹੋ ਚੁੱਕੇ ਹਨ ਪਰ ਹੁਣ ਤੱਕ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਬਾਕਸ-- ਚੋਣਾਂ ਨੂੰ ਧਿਆਨ ’ਚ ਰੱਖ ਕੇ ਐਲਾਨ ਕਰਨ ਦਾ ਦੋਸ਼ ਪਵਨ ਆਦੀਆ ਨੇ ਕਿਹਾ ਕਿ ਸਰਕਾਰ ਨੇ ਆਪਣੇ ਆਖਰੀ ਸਾਲ ਦੇ ਬਜਟ ’ਚ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਘੋਸ਼ਣਾ ਕਰ ਕੇ ਸਿਰਫ਼ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿਰਫ਼ ਕੁਝ ਮਹੀਨਿਆਂ ਲਈ ਹੀ ਇਹ ਰਕਮ ਦਿੰਦੀ ਹੈ ਤਾਂ ਇਹ ਔਰਤਾਂ ਨਾਲ ਵੱਡਾ ਧੋਖਾ ਹੋਵੇਗਾ। ਬਾਕਸ-- ਔਰਤਾਂ ਨਾਲ ਧੋਖੇ ਦਾ ਦੋਸ਼ ਉਨ੍ਹਾਂ ਕਿਹਾ ਕਿ 3 ਮਹੀਨੇ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਬਾਅਦ ਔਰਤਾਂ ਨੂੰ ਸਿਰਫ਼ ਕੁਝ ਮਹੀਨਿਆਂ ਲਈ ਹੀ ਪੈਸੇ ਮਿਲ ਸਕਣਗੇ, ਜੋ ਕਿ ਔਰਤਾਂ ਨਾਲ ਕੋਝਾ ਮਜ਼ਾਕ ਹੈ। ਆਦੀਆ ਅਨੁਸਾਰ ਜੇਕਰ ਪਿਛਲੇ 4 ਸਾਲਾਂ ਦਾ ਹਿਸਾਬ ਲਾਇਆ ਜਾਵੇ ਤਾਂ ਹਰ ਔਰਤ ਦਾ ਲੱਗਭਗ 50 ਹਜ਼ਾਰ ਰੁਪਏ ਬਣਦਾ ਹੈ, ਜੋ ਕਿ ਸਰਕਾਰ ਨੇ ਹੁਣ ਤੱਕ ਨਹੀਂ ਦਿੱਤਾ, ਜੇਕਰ ਇਹ ਰਕਮ ਨਹੀਂ ਦਿੱਤੀ ਗਈ ਤਾਂ ਕਾਂਗਰਸ ਪਾਰਟੀ ਇਸ ਨੂੰ ਔਰਤਾਂ ਨਾਲ ਵੱਡੀ ਠੱਗੀ ਮੰਨੇਗੀ। ਬਾਕਸ-- ਨਸ਼ਿਆਂ ਦੇ ਮਸਲੇ ’ਤੇ ਵੀ ਘੇਰਿਆ ਪਵਨ ਆਦੀਆ ਨੇ ਨਸ਼ਿਆਂ ਦੇ ਮਸਲੇ ’ਤੇ ਵੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਹਾਲ ਹੀ ’ਚ ਇਕ ਸਰਪੰਚ ਕੋਲੋਂ ਵੱਡੀ ਮਾਤਰਾ ’ਚ ਨਸ਼ਾ ਬਰਾਮਦ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਇਸ ਸਾਰੇ ਮਾਮਲੇ ਦੀ ਤਹਿਕੀਕਾਤ ਕਰਵਾਈ ਜਾਵੇਗੀ। ਬਾਕਸ-- ਮੁੱਖ ਮੰਤਰੀ ਦਾ ਪੁਤਲਾ ਫੂਕਿਆ ਰੋਸ ਮਾਰਚ ਦੇ ਅੰਤ ’ਚ ਕਾਂਗਰਸ ਦੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ। ਇਸ ਮੌਕੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ, ਪ੍ਰਧਾਨ ਡਿੰਪੀ ਸੋਹਲ, ਬਲਾਕ ਭੂੰਗਾ ਦੇ ਪ੍ਰਧਾਨ ਟਿੰਮੀ ਸ਼ਾਹੀ, ਬਲਾਕ ਸ਼ਾਮ ਚੌਰਾਸੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਮੀ, ਯੂਥ ਕਾਂਗਰਸ ਦੇ ਆਗੂ ਪਵਿੱਤਰ ਸਿੰਘ ਅਹਲੂਵਾਲੀਆ ਸਮੇਤ ਕਾਂਗਰਸ ਪਾਰਟੀ ਦੇ ਕਈ ਸਰਪੰਚ, ਪੰਚ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੌਜੂਦ ਸਨ।