ਰਾਸ਼ਟਰੀ ਲੋਕ ਅਦਾਲਤ ’ਚ 29,451 ਮਾਮਲਿਆਂ ਦੀ ਸੁਣਵਾਈ
ਰਾਸ਼ਟਰੀ ਲੋਕ ਅਦਾਲਤ ’ਚ 29,451 ਮਾਮਲਿਆਂ ਦੀ ਸੁਣਵਾਈ, 26,069 ਦਾ ਮੌਕੇ ’ਤੇ ਨਿਪਟਾਰਾ
Publish Date: Sat, 14 Mar 2026 07:31 PM (IST)
Updated Date: Sun, 15 Mar 2026 04:13 AM (IST)

26,069 ਦਾ ਮੌਕੇ ’ਤੇ ਨਿਪਟਾਰਾ , 13.84 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਸ਼ਨੀਵਾਰ ਨੂੰ ਜਿਲ੍ਹੇ ਵਿਚ ਸਾਲ ਦੀ ਪਹਿਲੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਇਹ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਲਗਾਈ ਗਈ।ਇਸ ਲੋਕ ਅਦਾਲਤ ਵਿਚ ਐਨ.ਆਈ. ਐਕਟ ਦੀ ਧਾਰਾ 138 ਨਾਲ ਸਬੰਧਤ ਮਾਮਲੇ (ਲੰਬਿਤ ਤੇ ਪ੍ਰੀ-ਲਿਟੀਗੇਸ਼ਨ ਬੈਂਕ ਰਿਕਵਰੀ ਕੇਸ), ਕਿਰਤ ਵਿਵਾਦ, ਮੋਟਰ ਦੁਰਘਟਨਾ ਦੇ ਦਾਅਵੇ ਮਾਮਲੇ, ਬਿਜਲੀ-ਪਾਣੀ ਦੇ ਬਿਲਾਂ ਨਾਲ ਜੁੜੇ ਮਾਮਲੇ (ਗੈਰ-ਕੰਪਾਊਂਡੇਬਲ ਮਾਮਲਿਆਂ ਨੂੰ ਛੱਡ ਕੇ), ਵਿਆਹ ਸਬੰਧੀ ਝਗੜੇ, ਟ੍ਰੇਫਿਕ ਚਾਲਾਨ, ਮਾਲੀਆ ਮਾਮਲੇ ਅਤੇ ਹੋਰ ਸਿਵਲ ਤੇ ਘੱਟ ਗੰਭੀਰ ਅਪਰਾਧਿਕ ਮਾਮਲਿਆਂ ਸਮੇਤ ਘਰੇਲੂ ਝਗੜਿਆਂ ਦੀ ਸੁਣਵਾਈ ਲਈ ਰੱਖੇ ਗਏ। ਜਾਣਕਾਰੀ ਦਿੰਦੇ ਹੋਏ ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੀਰਜ ਗੋਇਲ ਨੇ ਦੱਸਿਆ ਕਿ ਲੋਕ ਅਦਾਲਤ ਦੀ ਸਫਲਤਾ ਲਈ ਜ਼ਿਲ੍ਹੇ ਵਿਚ ਕੁੱਲ 19 ਬੈਂਚਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਵਿਚ ਹੁਸ਼ਿਆਰਪੁਰ ਅਦਾਲਤੀ ਕੰਪਲੈਕਸ ਵਿਚ 9 ਬੈਂਚ, ਸਬ-ਡਵੀਜ਼ਨ ਦਸੂਹਾ ਵਿਚ 2 ਬੈਂਚ, ਮੁਕੇਰੀਆਂ ਵਿਚ 1 ਬੈਂਚ, ਗੜ੍ਹਸ਼ੰਕਰ ਵਿਚ 2 ਬੈਂਚ ਅਤੇ ਮਾਲ ਅਦਾਲਤਾਂ ਦੇ 5 ਬੈਂਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਲੋਕ ਅਦਾਲਤ ਵਿਚ ਕੁੱਲ 29,451 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਜਿਨ੍ਹਾਂ ਵਿਚ 26,069 ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਧਿਰਾਂ ਦੇ ਹੱਲ ਵਿਚ ਕੁੱਲ 13,84,84,145 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਰਾਸ਼ਟਰੀ ਲੋਕ ਅਦਾਲਤ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਰਮਚਾਰੀਆਂ ਅਤੇ ਪੈਰਾ ਲੀਗਲ ਵਲੰਟੀਅਰਾਂ ਵਲੋਂ ਟ੍ਰੈਫਿਕ ਚਾਲਾਨ ਭੁਗਤਾਨ ਲਈ ਵਿਸ਼ੇਸ਼ ਹੈਲਪ ਡੈਸਕ ਵੀ ਲਗਾਏ ਗਏ ਤਾਂ ਜੋ ਲੋਕਾਂ ਨੂੰ ਅਦਾਲਤਾਂ ਵਿਚ ਲੰਬਿਤ ਟ੍ਰੈਫਿਕ ਚਾਲਾਨਾਂ ਦਾ ਭੁਗਤਾਨ ਕਰਨ ਵਿਚ ਸੁਵਿਧਾ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਿੰਦਰ ਅਗਰਵਾਲ ਅਤੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੀਰਜ ਗੋਇਲ ਨੇ ਵੱਖ-ਵੱਖ ਲੋਕ ਅਦਾਲਤ ਬੈਂਚਾਂ ਦਾ ਦੌਰਾ ਕੀਤਾ। ਇਸ ਲੋਕ ਅਦਾਲਤ ਨੂੰ ਸਫ਼ਲ ਬਣਾਉਣ ਵਿਚ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਵੀ ਪੂਰਾ ਸਹਿਯੋਗ ਦਿੱਤਾ।