ਮਿੰਨੀ ਜੰਗਲ ਇਲਾਕੇ ਲਈ ਆਕਸੀਜਨ ਦਾ ਵੱਡਾ ਸਰੋਤ ਬਣਿਆ
ਸਹੌੜਾ ਕੰਢੀ ਦਾ ਮਿੰਨੀ ਜੰਗਲ ਇਲਾਕੇ ਲਈ ਆਕਸੀਜਨ ਦਾ ਵੱਡਾ ਸਰੋਤ ਬਣਿਆ : ਜੰਗਲਾਤ ਵਿਭਾਗ
Publish Date: Fri, 13 Mar 2026 08:03 PM (IST)
Updated Date: Sat, 14 Mar 2026 04:13 AM (IST)

ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਿੰਨੀ ਜੰਗਲ ਬਾਰੇ ਗਲਤ ਪ੍ਰਚਾਰ ਕੀਤਾ ਗਿਆ : ਪੰਚਾਇਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿੰਡ ਸਹੌੜਾ ਕੰਢੀ ਵਿੱਚ ਸਾਲ 2019-20 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸਮਾਗਮਾਂ ਮੌਕੇ ਲਗਾਏ ਗਏ ਬੂਟੇ ਅੱਜ ਮਿੰਨੀ ਜੰਗਲ ਦਾ ਰੂਪ ਧਾਰ ਚੁੱਕੇ ਹਨ ਅਤੇ ਇਲਾਕੇ ਦੇ ਲੋਕਾਂ ਲਈ ਆਕਸੀਜਨ ਦਾ ਵੱਡਾ ਸਰੋਤ ਬਣ ਗਏ ਹਨ। ਇਹ ਗੱਲ ਵਣ ਰੇਂਜ ਅਧਿਕਾਰੀ ਬਡਲਾ ਨੇ ਪਿੰਡ ਦਾ ਦੌਰਾ ਕਰਦੇ ਹੋਏ ਕਹੀ। ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਨੌਜਵਾਨ ਸਭਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਮਿੰਨੀ ਜੰਗਲ ਦੀ ਚੰਗੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਿੰਨੀ ਜੰਗਲ ਦੀ ਹਰਿਆਲੀ ਕਾਰਨ ਇੱਥੇ ਹਜ਼ਾਰਾਂ ਪੰਛੀਆਂ ਨੇ ਆਪਣੇ ਰੈਣ ਬਸੇਰੇ ਬਣਾਏ ਹਨ, ਜਿਸ ਨਾਲ ਇਹ ਜੰਗਲ ਨਾ ਸਿਰਫ਼ ਮਨੁੱਖੀ ਜੀਵਨ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ ਸਗੋਂ ਪਸ਼ੂ-ਪੰਛੀਆਂ ਲਈ ਵੀ ਸੁਖਦਾਇਕ ਆਸਰਾ ਬਣਿਆ ਹੋਇਆ ਹੈ। ਵਣ ਰੇਂਜ ਅਧਿਕਾਰੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੁਝ ਲੋਕਾਂ ਵੱਲੋਂ ਮਿੰਨੀ ਜੰਗਲ ਸਬੰਧੀ ਗਲਤ ਪ੍ਰਚਾਰ ਕਰਦਿਆਂ ਜੰਗਲਾਤ ਵਿਭਾਗ ਕੋਲ ਪੰਚਾਇਤ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਪਰ ਜਦੋਂ ਵਿਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕਰਕੇ ਜੰਗਲ ਦੀ ਹਾਲਤ ਦਾ ਜਾਇਜ਼ਾ ਲਿਆ ਤਾਂ ਪਾਇਆ ਗਿਆ ਕਿ ਪੰਚਾਇਤ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਜੰਗਲ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੀਤ ਰਾਜ, ਸਾਬਕਾ ਸਰਪੰਚ ਰਘੂਬੀਰ ਸਿੰਘ, ਰਾਜ ਕੁਮਾਰ, ਰਜਿੰਦਰ ਕੁਮਾਰ, ਹਰਮੇਸ਼ ਕੁਮਾਰ, ਪਵਨ ਕੁਮਾਰ, ਰਾਜੀਵ ਕੁਮਾਰ, ਕਰਨੈਲ ਸਿੰਘ, ਰਛਪਾਲ ਸਿੰਘ, ਕਮਲ ਸਿੰਘ, ਸਨੀ ਅਤੇ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਵਿੱਚ ਹੋਏ ਇਕ ਧਾਰਮਿਕ ਸਮਾਗਮ ਦੌਰਾਨ ਲੰਗਰ ਵਿੱਚ ਵਰਤੇ ਗਏ ਪਲਾਸਟਿਕ ਸਮਾਨ ਦੀ ਬੇਕਾਰ ਸਮੱਗਰੀ ਨੂੰ ਇਕੱਠਾ ਕਰਕੇ ਅੱਗ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਸਮੱਗਰੀ ਉਥੇ ਹੀ ਪਈ ਰਹਿੰਦੀ ਤਾਂ ਭਵਿੱਖ ਵਿੱਚ ਜੰਗਲ ਵਿੱਚ ਅੱਗ ਲੱਗਣ ਦਾ ਖਤਰਾ ਬਣ ਸਕਦਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰ ਮਿੰਨੀ ਜੰਗਲ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਜਿਸ ਨੂੰ ਭਵਿੱਖ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।