ਜ਼ਿਲ੍ਹੇ ’ਚ ਗੈਸ ਬੁਕਿੰਗ ਨੂੰ ਲੈ ਕੇ ਖਪਤਕਾਰ ਹੋ ਰਹੇ ਪਰੇਸ਼ਾਨ
ਗੈਸ ਬੁਕਿੰਗ ਨੂੰ ਲੈ ਕੇ ਖਪਤਕਾਰ ਪਰੇਸ਼ਾਨ; ਡੀ.ਸੀ. ਨੇ ਕਿਹਾ - ਜ਼ਿਲ੍ਹੇ ਵਿੱਚ ਤੇਲ ਅਤੇ ਗੈਸ ਦੀ ਕੋਈ ਕਿੱਲਤ ਨਹੀਂ
Publish Date: Thu, 12 Mar 2026 07:43 PM (IST)
Updated Date: Fri, 13 Mar 2026 04:10 AM (IST)

ਡੀਸੀ ਨੇ ਕਿਹਾ- ਜ਼ਿਲ੍ਹੇ ’ਚ ਤੇਲ ਅਤੇ ਗੈਸ ਦੀ ਕੋਈ ਕਿੱਲਤ ਨਹੀਂ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਹੁਸ਼ਿਆਰਪੁਰ ਵਿੱਚ ਘਰੇਲੂ ਗੈਸ ਸਿਲੰਡਰ ਬੁੱਕ ਕਰਨ ਦੌਰਾਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ ਸ਼ਹਿਰ ਦੀਆਂ ਕਈ ਗੈਸ ਏਜੰਸੀਆਂ ਦੇ ਦਫ਼ਤਰਾਂ ਬਾਹਰ ਵੱਡੀ ਗਿਣਤੀ ਵਿੱਚ ਖਪਤਕਾਰ ਲਾਈਨਾਂ ਵਿੱਚ ਖੜ੍ਹੇ ਦਿਖਾਈ ਦਿੱਤੇ। ਖਪਤਕਾਰਾਂ ਦਾ ਕਹਿਣਾ ਸੀ ਕਿ ਆਨਲਾਈਨ ਗੈਸ ਬੁੱਕਿੰਗ ਪਿਛਲੇ ਕੁਝ ਦਿਨਾਂ ਤੋਂ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨੂੰ ਖੁਦ ਏਜੰਸੀਆਂ ’ਤੇ ਆ ਕੇ ਬੁਕਿੰਗ ਕਰਵਾਉਣੀ ਪੈ ਰਹੀ ਹੈ। ਰਹੀਮਪੁਰ ਇਲਾਕੇ ਦੀ ਇੱਕ ਏਜੰਸੀ ਤੇ ਪਹੁੰਚੇ ਖਪਤਕਾਰ ਪਰਮਜੀਤ ਸਿੰਘ ਅਤੇ ਹੋਰਾਂ ਨੇ ਸ਼ਿਕਾਇਤ ਕੀਤੀ ਕਿ ਪਿਛਲੇ ਤਿੰਨ ਦਿਨਾਂ ਤੋਂ ਆਨਲਾਈਨ ਗੈਸ ਬੁੱਕ ਨਹੀਂ ਹੋ ਰਹੀ। ਏਜੰਸੀਆਂ ਤੇ ਖਪਤਕਾਰਾਂ ਅਤੇ ਸਟਾਫ਼ ਵਿਚਕਾਰ ਤਿੱਖੀ ਬਹਿਸ ਵੀ ਹੋਈ। ਜਿੱਥੇ ਲੋਕ ਮੈਨੂਅਲ (ਆਫਲਾਈਨ) ਬੁਕਿੰਗ ਦੀ ਮੰਗ ਕਰ ਰਹੇ ਸਨ, ਉੱਥੇ ਹੀ ਏਜੰਸੀ ਮਾਲਕਾਂ ਨੇ ਸੌਫਟਵੇਅਰ ਨਾ ਚੱਲਣ ਦਾ ਹਵਾਲਾ ਦਿੰਦਿਆਂ ਬੁਕਿੰਗ ਕਰਨ ਵਿੱਚ ਅਸਮਰੱਥਾ ਜਤਾਈ। ਬਾਕਸ-- ਡਿਪਟੀ ਕਮਿਸ਼ਨਰ ਨੇ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ ਦੂਜੇ ਪਾਸੇ, ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਜਾਂ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ (ਪੈਨਿਕ ਹੋਣ) ਦੀ ਬਿਲਕੁਲ ਲੋੜ ਨਹੀਂ ਹੈ। ਡੀਸੀ ਨੇ ਦੱਸਿਆ ਕਿ ਪ੍ਰਸ਼ਾਸਨ ਲਗਾਤਾਰ ਤੇਲ ਤੇ ਗੈਸ ਕੰਪਨੀਆਂ ਦੇ ਸੰਪਰਕ ’ਚ ਹੈ ਤੇ ਸਪਲਾਈ ਪੂਰੀ ਤਰ੍ਹਾਂ ਸੁਚਾਰੂ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫਵਾਹ ਦੇ ਡਰੋਂ ਵਾਧੂ ਖਰੀਦਦਾਰੀ ਜਾਂ ਹੋਲਡਿੰਗ ਨਾ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਬਲੈਕ ਮਾਰਕੀਟਿੰਗ ਜਾਂ ਜਮ੍ਹਾਖੋਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਡੀਸੀ ਨੇ ਅੱਗੇ ਕਿਹਾ ਕਿ ਬੁਕਿੰਗ ਪ੍ਰਕਿਰਿਆ ਨਿਯਮਾਂ ਅਨੁਸਾਰ ਚੱਲ ਰਹੀ ਹੈ ਅਤੇ ਸਿਲੰਡਰਾਂ ਦੀ ਡਿਲੀਵਰੀ ਨਿਰਧਾਰਿਤ ਸਮੇਂ ਅਨੁਸਾਰ ਹੀ ਕੀਤੀ ਜਾਵੇਗੀ।