ਭਾਜਪਾ ਯੁਵਾ ਮੋਰਚਾ ਨੇ ‘ਬਦਲਾਅ ਰੈਲੀ’ ਲਈ ਕਮਰ ਕੱਸੇ
ਭਾਜਪਾ ਯੁਵਾ ਮੋਰਚਾ ਵੱਲੋਂ 14 ਮਾਰਚ ਦੀ ਮੋਗਾ 'ਬਦਲਾਵ ਰੈਲੀ' ਲਈ ਕਮਰ ਕੱਸੇ; ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਕਰਨਗੇ ਸ਼ਮੂਲੀਅਤ
Publish Date: Tue, 10 Mar 2026 08:37 PM (IST)
Updated Date: Wed, 11 Mar 2026 04:15 AM (IST)

ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਕਰਨਗੇ ਸ਼ਮੂਲੀਅਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐੱਮ) ਜ਼ਿਲ੍ਹਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿਵਮ ਓਹਰੀ ਦੇ ਨਿਵਾਸ ਸਥਾਨ ਤੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਬੀਜੇਵਾਈਐੱਮ ਦੇ ਜਨ. ਸਕੱਤਰ ਅਰਮਾਨ ਬਰਾੜ ਅਤੇ ਹੁਸ਼ਿਆਰਪੁਰ ਦੇ ਇੰਚਾਰਜ ਪ੍ਰਣਵ ਮਿਸ਼ਰਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਏਜੰਡਾ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਭਾਜਪਾ ਦੀ ਵਿਸ਼ਾਲ ਬਦਲਾਵ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸੀ। ਇਸ ਰੈਲੀ ਦੀ ਮਹੱਤਤਾ ਬਾਰੇ ਦੱਸਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ਤੇ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਪਹੁੰਚ ਰਹੇ ਹਨ। ਭਾਜਪਾ ਯੁਵਾ ਮੋਰਚਾ ਹੁਸ਼ਿਆਰਪੁਰ ਨੇ ਫੈਸਲਾ ਕੀਤਾ ਹੈ ਕਿ ਜ਼ਿਲ੍ਹੇ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਸ਼ਮੂਲੀਅਤ ਕਰਕੇ ਇਸ ਨੂੰ ਇਤਿਹਾਸਕ ਬਣਾਉਣਗੇ। ਪਾਰਟੀ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣਾ ਹੈ, ਜਿਸ ਲਈ ਸੰਗਠਨਾਤਮਕ ਪੱਧਰ ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਮੀਟਿੰਗ ਦੌਰਾਨ ਯੁਵਾ ਆਗੂਆਂ ਨੇ ਕਿਹਾ ਕਿ ਭਾਜਪਾ ਹਮੇਸ਼ਾ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਦੀ ਹੈ। ਪੰਜਾਬ ਭਰ ’ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਰਾਹੀਂ ਨੌਜਵਾਨਾਂ ਨੂੰ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨਾਲ ਜੋੜਿਆ ਜਾ ਰਿਹਾ ਹੈ। ਮੋਗਾ ਰੈਲੀ ਰਾਹੀਂ ਪੰਜਾਬ ਦੀ ਸਿਆਸਤ ’ਚ ਵੱਡਾ ਬਦਲਾਅ ਲਿਆਉਣ ਦਾ ਸੰਕਲਪ ਲਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿਵਮ ਓਹਰੀ ਨੇ ਕਿਹਾ ਕਿ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚਾਰ ਸੁਣਨ ਲਈ ਹੁਸ਼ਿਆਰਪੁਰ ਦਾ ਨੌਜਵਾਨ ਵਰਗ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੁਵਾ ਮੋਰਚਾ ਦੇ ਵਰਕਰ ਘਰ-ਘਰ ਜਾ ਕੇ ਨੌਜਵਾਨਾਂ ਨੂੰ ਇਸ ਰੈਲੀ ਦਾ ਸੱਦਾ ਦੇ ਰਹੇ ਹਨ। ਮੀਟਿੰਗ ਵਿੱਚ ਸੂਰਜ ਸ਼ਰਮਾ (ਜਨ. ਸਕੱਤਰ), ਰਾਹੁਲ ਓਹਰੀ, ਸੁਨੰਦਨ ਸੂਦ, ਪੰਕਜ ਰੇਵਾੜੀ, ਲਵਨੀਤ ਮਾਨਕੰਦ, ਨਿਤੀਸ਼ ਵਰਮਾ, ਆਰੂਸ਼ ਕਾਬਰਾ ਅਤੇ ਜਸਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਅੰਤ ਵਿੱਚ ਸਾਰੇ ਵਰਕਰਾਂ ਨੇ ਮੋਗਾ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀ ਵਚਨਬੱਧਤਾ ਦੁਹਰਾਈ।