‘ਸ਼੍ਰੀਮਦ ਭਾਗਵਤ ਕਥਾ’ ਲਈ ਬੀਨੂੰ ਢਿੱਲੋਂ ਨੂੰ ਦਿੱਤਾ ਸੱਦਾ
ਹੁਸ਼ਿਆਰਪੁਰ ਵਿਖੇ ਹੋਣ ਵਾਲੀ ‘ਸ਼੍ਰੀਮਦ ਭਾਗਵਤ ਕਥਾ’ ਲਈ ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ ਨੂੰ ਦਿੱਤਾ ਗਿਆ ਨਿਓਤਾ
Publish Date: Tue, 10 Mar 2026 08:18 PM (IST)
Updated Date: Wed, 11 Mar 2026 04:13 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਹੁਸ਼ਿਆਰਪੁਰ ਨਿਵਾਸੀਆਂ ਵੱਲੋਂ ਕਰਵਾਈ ਜਾਣ ਵਾਲੀ ਸੱਤ ਰੋਜ਼ਾ ‘ਸ਼੍ਰੀਮਦ ਭਾਗਵਤ ਕਥਾਮ੍ਰਿਤ’ ਲਈ ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰ ਬੀਨੂੰ ਢਿੱਲੋਂ ਨੂੰ ਰਸਮੀ ਤੌਰ ‘ਤੇ ਸੱਦਾ ਦਿੱਤਾ ਗਿਆ। ਇਹ ਸੱਦਾ ਸੰਸਥਾ ਦੇ ਸੁਆਮੀ ਸੱਜਣਾਨੰਦ ਵੱਲੋਂ ਦਿੱਤਾ ਗਿਆ। ਇਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਸਮਾਗਮ ਦਾ ਸੱਦਾ ਪੱਤਰ ਤੇ ਪੋਸਟਰ ਭੇਟ ਕੀਤਾ। ਸੰਸਥਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਵਿਸ਼ਾਲ ਅਧਿਆਤਮਿਕ ਸਮਾਗਮ 14 ਅਪ੍ਰੈਲ ਤੋਂ 20 ਅਪ੍ਰੈਲ 2026 ਤੱਕ ਰੌਸ਼ਨ ਗਰਾਊਂਡ, ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਕਥਾ ਦਾ ਸਮਾਂ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਇਸ ਸੱਤ ਰੋਜ਼ਾ ਕਥਾ ਦੌਰਾਨ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਵੈਸ਼ਨਵੀ ਭਾਰਤੀ ਆਪਣੀ ਸੰਤ ਮੰਡਲੀ ਸਮੇਤ ਪ੍ਰਵਚਨ ਕਰਨਗੇ। ਉਹ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਰਾਹੀਂ ਮਨੁੱਖਤਾ, ਸ਼ਾਂਤੀ ਅਤੇ ਭਗਤੀ ਦਾ ਸੰਦੇਸ਼ ਸੰਗਤ ਤੱਕ ਪਹੁੰਚਾਉਣਗੇ। ਕਥਾ ਦੇ ਆਰੰਭ ਤੋਂ ਪਹਿਲਾਂ 10 ਅਪ੍ਰੈਲ 2026 ਨੂੰ ਦੁਪਹਿਰ 3 ਵਜੇ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ। ਇਹ ਯਾਤਰਾ ਰੌਸ਼ਨ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਗੁਜ਼ਰਦੀ ਹੋਈ ਵਾਪਸ ਕਥਾ ਸਥਾਨ ‘ਤੇ ਸਮਾਪਤ ਹੋਵੇਗੀ।