ਵਿਕਟੋਰੀਆ ਸਕੂਲ ’ਚ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ
ਵਿਕਟੋਰੀਆ ਸਕੂਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Sat, 07 Mar 2026 08:23 PM (IST)
Updated Date: Sun, 08 Mar 2026 04:18 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਰਸਰੀ ਤੋਂ ਲੈ ਕੇ ਜਮਾਤ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਭਾ ਦੌਰਾਨ ਸਕੂਲ ਦੀਆਂ ਅਧਿਆਪਿਕਾਵਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਜ ਵਿੱਚ ਮਹਿਲਾਵਾਂ ਦੇ ਯੋਗਦਾਨ ‘ਤੇ ਰੌਸ਼ਨੀ ਪਾਈ। ਇਸ ਦੌਰਾਨ ਕਈ ਪ੍ਰਸਿੱਧ ਅਤੇ ਪ੍ਰੇਰਣਾਦਾਇਕ ਮਹਿਲਾਵਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਮਹੱਤਵਪੂਰਨ ਉਪਲੱਬਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਉਪਰੰਤ ਜਮਾਤ 11ਵੀਂ ਦੀਆਂ ਵਿਦਿਆਰਥਣਾਂ ਸਨੇਹਲ ਅਤੇ ਕਸ਼ਿਸ਼ ਨੇ ਮਹਿਲਾ ਦਿਵਸ ਮੌਕੇ ਬਹੁਤ ਹੀ ਸੁੰਦਰ ਕਵਿਤਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸਭ ਨੇ ਬੜੇ ਧਿਆਨ ਅਤੇ ਉਤਸ਼ਾਹ ਨਾਲ ਸੁਣਿਆ। ਇਸ ਸਮੇਂ ਸਕੂਲ ਦੀ ਪ੍ਰਿੰਸੀਪਲ ਅਰਚਨਾ ਸੂਦਨ ਨੇ ਵਿਸ਼ੇਸ਼ ਤੌਰ ‘ਤੇ ਸਾਰੀਆਂ ਮਹਿਲਾ ਅਧਿਆਪਿਕਾਵਾਂ ਨੂੰ ਸਭਾ ਵਿੱਚ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸਕੂਲ ਦੇ ਡਾਇਰੈਕਟਰ ਪ੍ਰੋ. ਜੀਐੱਸ ਮੁਲਤਾਨੀ ਅਤੇ ਨੀਰੂ ਮੁਲਤਾਨੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਮਹਿਲਾਵਾਂ ਦਾ ਸਮਾਜ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਹਰ ਖੇਤਰ ਵਿੱਚ ਆਪਣੀ ਸਮਰੱਥਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀ ਹੈ, ਇਸ ਲਈ ਸਾਨੂੰ ਹਮੇਸ਼ਾ ਮਹਿਲਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।