ਟਿੱਪਰ ਤੇ ਟਰਾਲੀਆਂ ਨੇ ਸੜਕਾਂ ’ਤੇ ਭਿਆਨਕ ਆਤੰਕ, ਸਵਾ 4 ਸਾਲਾਂ ’ਚ 23 ਮੌਤਾਂ
ਪੁਲਿਸ, ਆਰ.ਟੀ.ਓ ਅਤੇ ਮਾਈਨਿੰਗ ਵਿਭਾਗ ਦੀ ਨਲਾਇਕੀ ਕਾਰਣ ਹੋਈ ਹਫ਼ਤੇ ਵਿੱਚ ਤੀਜੀ ਮੌਤ -ਨਿਮਿਸ਼ਾ ਮਹਿਤਾ
Publish Date: Fri, 06 Mar 2026 07:40 PM (IST)
Updated Date: Sat, 07 Mar 2026 04:13 AM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਗੜ੍ਹਸ਼ੰਕਰ ਵਿਖੇ ਹੋਏ ਭਿਆਨਕਰ ਹਾਦਸੇ ਮੌਕੇ ’ਤੇ ਪਹੁੰਚੇ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਹੁੰਚ ਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਇਕ ਨਿੱਜੀ ਮਾਈਨਿੰਗ ਗਰੁੱਪ ਦੀ ਕਥਿਤ ਨਾਲਾਇਕੀ ਕਾਰਨ ਸਿਰਫ਼ 7 ਦਿਨਾਂ ’ਚ ਮਾਈਨਿੰਗ ਵਾਲੀ ਗੱਡੀ ਹੇਠਾਂ ਆ ਕੇ ਇਹ ਤੀਜੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਉਸ ਦਿਨ ਤੋਂ ਹਲਕਾ ਗੜ੍ਹਸ਼ੰਕਰ ’ਚ ਮਾਈਨਿੰਗ ਦੇ ਮਾਲ ਨਾਲ ਲੱਦੇ ਟਿੱਪਰ ਤੇ ਟਰਾਲੀਆਂ ਨੇ ਸੜਕਾਂ ’ਤੇ ਭਿਆਨਕ ਆਤੰਕ ਮਚਾਇਆ ਹੋਇਆ ਹੈ। ਇਸ ਕਾਰਨ ਹੁਣ ਤੱਕ ਸਵਾ 4 ਸਾਲਾਂ ’ਚ 23 ਮੌਤਾਂ ਹੋ ਚੁੱਕੀਆਂ ਹਨ। ਨਿਮਿਸ਼ਾ ਮਹਿਤਾ ਨੇ ਦੋਸ਼ ਲਾਇਆ ਕਿ ਨਿੱਜੀ ਗਰੁੱਪ ਦੀਆਂ ਮਿੱਟੀ ਨਾਲ ਲੱਦੀਆਂ ਬਿਨਾਂ ਨੰਬਰ ਪਲੇਟ ਵਾਲੀਆਂ ਟਰਾਲੀਆਂ ਰੋਜ਼ਾਨਾ ਗੜ੍ਹਸ਼ੰਕਰ ਥਾਣੇ ਤੇ ਡੀਐੱਸਪੀ. ਦਫ਼ਤਰ ਦੇ ਸਾਹਮਣੇ ਤੋਂ ਲੰਘਦੀਆਂ ਹਨ। ਮਹਿਤਾ ਨੇ ਕਿਹਾ ਕਿ ਅਨੇਕਾਂ ਵਾਰ ਸੋਸ਼ਲ ਮੀਡੀਆ ਤੇ ਅਖ਼ਬਾਰਾਂ ਰਾਹੀਂ ਇਸ ਮਸਲੇ ਨੂੰ ਉਹ ਪੁਲਸ ਪ੍ਰਸ਼ਾਸਨ ਮਾਈਨਿੰਗ ਵਿਭਾਗ ਤੇ ਟਰਾਂਸਪੋਰਟ ਵਿਭਾਗ ਅੱਗੇ ਰੱਖ ਚੁੱਕੇ ਹਨ। ਇਸ ਦੇ ਬਾਵਜੂਦ ਇਨ੍ਹਾਂ ਵਿਭਾਗਾਂ ਦਾ ਕਥਿਤ ਚੁੱਪੀ ਧਾਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਸਭ ਮਿਲੀਭੁਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਨਿੱਜੀ ਮਾਈਨਿੰਗ ਗਰੁੱਪ ਦੇ ਮਾਲਕ ’ਤੇ ਪਰਚੇ ਦੀ ਮੰਗ ਕੀਤੀ ਤੇ ਦੋਸ਼ ਲਾਇਆ ਕਿ ਉਸ ਦੇ ਟਰੈਕਟਰ ਦਿਨ-ਰਾਤ ਅੰਨ੍ਹੇਵਾਹ ਤੇਜ਼ ਰਫ਼ਤਾਰ ਗੜ੍ਹਸ਼ੰਕਰ ਦੀਆਂ ਸੜਕਾਂ ’ਤੇ ਆਤੰਕ ਪਾ ਰਹੇ ਹਨ। ਟਰੈਕਟਰਾਂ ’ਤੇ ਨਾ ਹੀ ਨੰਬਰ ਪਲੇਟ ਤੇ ਨਾ ਹੀ ਚਾਲਕਾਂ ਕੋਲ ਡਰਾਈਵਿੰਗ ਲਾਇਸੈਂਸ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਵਿਧਾਇਕ ਰੋੜੀ ਇਸ ਮਸਲੇ ’ਤੇ ਕਿਉਂ ਚੁੱਪੀ ਤਾਰੀ ਬੈਠੇ ਹਨ ਤੇ ਗੜ੍ਹਸ਼ੰਕਰ ਦੀ ਜਨਤਾ ਇਸ ਨੂੰ ਚੰਗੀ ਤਰ੍ਹਾਂ ਸਮਝਦੀ ਹੈ।