ਟਿੱਪਰ ਨਾਲ ਮੋਟਰਸਾਈਕਲ ਦੀ ਟੱਕਰ, ਸਾਬਕਾ ਫੌਜੀ ਦੀ ਮੌਤ
ਕੋਕੋਵਾਲ ’ਚ ਟਿੱਪਰ ਨਾਲ ਮੋਟਰਸਾਈਕਲ ਦੀ ਟੱਕਰ, ਸਾਬਕਾ ਫੌਜੀ ਦੀ ਮੌਤ
Publish Date: Sun, 01 Mar 2026 08:49 PM (IST)
Updated Date: Mon, 02 Mar 2026 04:14 AM (IST)

ਇਲਾਕੇ ਦੇ ਲੋਕਾਂ ’ਚ ਸਰਕਾਰ ਅਤੇ ਟਿੱਪਰਾਂ ਖਿਲਾਫ ਰੋਸ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਬੀਤ ਇਲਾਕੇ ’ਚ ਉਵਰਲੋਡ ਟਿੱਪਰਾਂ ਨਾਲ ਹਾਦਸੇ ਹੋਣ ਦੀਆਂ ਘਟਨਾਵਾਂ ’ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਜਦੋਂ ਕਿ ਇਹਨਾਂ ਮੌਤ ਦੇ ਸੌਦਾਗਰਾ ਨੂੰ ਕਾਬੂ ਪਾਉਣ ਚ ਪ੍ਰਸ਼ਾਸਨ ਬੇਵੱਸ ਦਿਖਾਈ ਦੇ ਰਿਹਾ ਹੈ। ਪਿਛਲੇ ਦਿਨੀਂ ਸ਼ਾਹਪੁਰ ਘਾਟੇ ’ਚ ਟਿੱਪਰ ਦਾ ਸ਼ਿਕਾਰ ਹੋਏ ਸਾਬਕਾ ਸਰਪੰਚ ਚੂਹੜ ਸਿੰਘ ਦਾ ਸਿਵਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਲੰਘੀ ਰਾਤ ਇੱਕ ਟਿੱਪਰ ਨਾਲ ਮੋਟਰਸਾਈਕਲ ਦੀ ਟੱਕਰ ਚ ਸਾਬਕਾ ਫੌਜੀ ਦੀ ਜਾਨ ਚਲੀ ਗਈ। ਪਿੰਡ ਗੜੀਮਾਨਸੋਵਾਲ ਬੀਤ ਦਾ ਵਾਸੀ ਸਾਬਕਾ ਫੌਜੀ ਕਾਬਲ ਸਿੰਘ ਪੁੱਤਰ ਮੱਖਣ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਵਲੋਂ ਆਪਣੇ ਪਿੰਡ ਪਰਤ ਰਿਹਾ ਸੀ ਕਿ ਜਦੋਂ ਉਹ ਪਿੰਡ ਕੋਕੋਵਾਲ ਮਜਾਰੀ ਨਜ਼ਦੀਕ ਪਹੁੰਚਿਆ ਤਾਂ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ਵਿੱਚ ਆ ਗਿਆ। ਟੱਕਰ ਇੰਨੀ ਭਿਆਨਕਰ ਸੀ ਕਿ ਕਾਬਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਇੱਕਠੇ ਹੋਏ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਕਾਬਲ ਸਿੰਘ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਆਂਦਾ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਦੇਖਿਆ ਜਾ ਰਿਹਾ ਹੈ ਅਗਰ ਇਹਨਾਂ ਟਿੱਪਰਾਂ ਨੂੰ ਜਲਦੀ ਨੱਥ ਨਾਂ ਪਾਈ ਗਈ ਤਾਂ ਲੋਕਾਂ ਦਾ ਗੁੱਸਾ ਵੱਧ ਸਕਦਾ ਹੈ। ਬਾਕਸ-- ਅਸੀਂ ਇਹਨਾਂ ਟਿੱਪਰਾਂ ਖਿਲਾਫ ਸੰਘਰਸ਼ ਕਰਾਂਗੇ : ਕਮਲ ਕਟਾਰੀਆ ਮੌਕੇ ’ਤੇ ਹਾਦਸੇ ਵਾਲੇ ਸਥਾਨ ਤੇ ਪਹੁੰਚੇ ਬਲਾਕ ਸੰਮਤੀ ਮੈਂਬਰ ਕਮਲ ਕਟਾਰੀਆ ਨੇ ਕਿਹਾ ਕਿ ਇਹਨਾਂ ਟਿੱਪਰਾਂ ਵਲੋਂ ਹੁਣ ਤੱਕ 21 ਬੀਤ ਦੇ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਐਨੇ ਹਾਦਸੇ ਹੋਣ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਇਹਨਾਂ ਖਿਲਾਫ਼ ਕਾਰਵਾਈ ਕਰਨ ’ਚ ਅਸਮਰੱਥ ਦਿਖਾਈ ਦੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੌਤ ਬਣਕੇ ਬੇਖੌਫ ਨੰਗਲ ਤੋਂ ਗੜਸ਼ੰਕਰ ਸੜਕ ਤੇ ਘੁੰਮਦੇ ਇਹਨਾਂ ਟਿੱਪਰਾਂ ਦੇ ਮਾਲਕਾਂ ਅਤੇ ਚਾਲਕਾਂ ਚ ਕੋਈ ਫਰਕ ਨਾਮ ਦੀ ਚੀਜ ਨਹੀਂ ਹੈ ਅਤੇ ਰਾਹਗੀਰਾਂ ਨੂੰ ਮਾਰਕੇ ਸੁੱਟਕੇ ਫਿਰ ਬੇਖੌਫ ਹੋ ਕੇ ਘੁੰਮਦੇ ਹਨ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਜਲਦੀ ਇਹਨਾਂ ਤੇ ਕਾਬੂ ਨਾ ਪਾਇਆ ਗਿਆ ਤਾਂ ਅਸੀਂ ਬੀਤ ਦੇ ਲੋਕਾਂ ਨੂੰ ਨਾਲ ਲੈਕੇ ਇਹਨਾਂ ਨੂੰ ਸੜਕਾਂ ’ਤੇ ਚੜ੍ਹਨ ਨਹੀਂ ਦੇਵਾਂਗੇ। ਬਾਕਸ-- ਟਿੱਪਰਾਂ ਵਾਲੀਆਂ ਨੂੰ ਨੱਥ ਪਾਉਣ ’ਚ ਪ੍ਰਸ਼ਾਸਨ ਅਸਫਲ : ਐਡਵੋਕੇਟ ਸ਼ੁਭਮ ਸ਼ਰਮਾ ਇਸ ਹਾਦਸੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸ਼ੁਭਮ ਸ਼ਰਮਾ ਨੇ ਕਿਹਾ ਕਿ ਇਹਨਾਂ ਟਿੱਪਰਾਂ ਦਾ ਪ੍ਰਸ਼ਾਸਨ ਵਲੋਂ ਸਮੇਂ ਤਹਿ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਸਾਰਾ ਦਿਨ ਇਹ ਟਿੱਪਰ ਘੁੰਮਦੇ ਰਹਿੰਦੇ ਹਨ ਪਰ ਪੁਲਿਸ ਨੂੰ ਇਹ ਟਿੱਪਰ ਦਿਖਾਈ ਨਹੀਂ ਦਿੰਦੇ। ਕਾਬਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ੁਭਮ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਖਾਤਰ ਸਰਹੱਦਾਂ ਤੇ ਗੋਲੀਆਂ ਦੇ ਸਾਏ ਹੇਠ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨ ਕਾਬਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ। ਬਾਕਸ-- ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ : ਸਰਿਤਾ ਸ਼ਰਮਾ ਇਸ ਦੁਰਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਸਰਿਤਾ ਸ਼ਰਮਾ ਨੇ ਕਿਹਾ ਕਿ ਇਹਨਾਂ ਟਿੱਪਰਾਂ ਨੇ ਹੁਣ ਤੱਕ 21 ਘਰਾਂ ਦੇ ਚਿਰਾਗ ਬੁਝਾ ਦਿੱਤੇ, ਵਾਰ ਵਾਰ ਲੋਕਾਂ ਵਲੋਂ ਇਹਨਾਂ ਟਿੱਪਰਾਂ ਖਿਲਾਫ ਕਾਰਵਾਈ ਕਰਨ ਲਈ ਧਰਨੇ ਵੀ ਲਗਾਏ ਗਏ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਦਿੱਤੇ ਸਮੇਂ ਅਨੁਸਾਰ ਚਲਾਉਣ ਚ ਬੇਵਸ ਰਿਹਾ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਜਲਦੀ ਇਹਨਾਂ ਨੂੰ ਦਿਨ ਵੇਲੇ ਚੱਲਣ ਤੋਂ ਨਾ ਰੋਕਿਆ ਗਿਆ ਤਾਂ ਅਸੀਂ ਸੜਕਾਂ ਤੇ ਧਰਨੇ ਲਗਾਉਣ ਲਈ ਮਜਬੂਰ ਹੋਵਾਂਗੇ।