ਐੱਮਐੱਨਐੱਸ ਅਧਿਕਾਰੀਆਂ ਵੱਲੋਂ ਈਐੱਸਐੱਮ ਦਰਜੇ ਦੀ ਇਤਿਹਾਸਕ ਜਿੱਤ ਦਾ ਜਸ਼ਨ
ਹੁਸ਼ਿਆਰਪੁਰ ਵਿੱਚ ਐਮਐਨਐਸ ਅਧਿਕਾਰੀਆਂ ਵੱਲੋਂ ਈਐਸਐਮ ਦਰਜੇ ਦੀ ਇਤਿਹਾਸਕ ਜਿੱਤ ਦਾ ਜਸ਼ਨ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਇ ਖੰਨਾ ਦਾ ਸਨਮਾਨ
Publish Date: Thu, 26 Feb 2026 08:21 PM (IST)
Updated Date: Fri, 27 Feb 2026 04:11 AM (IST)

ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਇ ਖੰਨਾ ਦਾ ਕੀਤਾ ਸਨਮਾਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੈਨਿਕ ਰੈਸਟ ਹਾਊਸ ਹੁਸ਼ਿਆਰਪੁਰ ਵਿੱਚ ‘ਈਐਸਐਮ ਦਰਜਾ ਕ੍ਰਿਤਗਤਾ ਅਤੇ ਸਨਮਾਨ’ ਸਮਾਗਮ ਦੌਰਾਨ ਪੂਰਵ ਮਿਲਟਰੀ ਨਰਸਿੰਗ ਸਰਵਿਸ ਅਧਿਕਾਰੀਆਂ ਦੇ ਕਲਿਆਣ ਸੰਗਠਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੁਆਰਾ 9 ਫਰਵਰੀ 2026 ਨੂੰ ਗਜ਼ਟ ਜਾਰੀ ਕਰਕੇ ਈਐਸਐਮ ਦਰਜਾ ਦੇਣ ਦੀ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮਨਾਇਆ ਗਿਆ। ਇਸ ਫੈਸਲੇ ਨਾਲ ਲਗਭਗ ਦਹਾਕੇ ਤੋਂ ਚੱਲ ਰਹੇ ਸੰਘਰਸ਼ ਦਾ ਅੰਤ ਹੋਇਆ। ਇਸ ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਹੁਸ਼ਿਆਰਪੁਰ ਕੈਪਟਨ ਗੁਰਪ੍ਰੀਤ ਕੌਰ ਅਤੇ ਈਐੱਮਐੱਨਓਡਬਲਯੂਆਈ ਦੇ ਸੰਸਥਾਪਕ ਅਤੇ ਸਮਾਜ ਸੇਵੀ ਇੰਜੀਨੀਅਰ ਅਸ਼ਵਨੀ ਜੋਸ਼ੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਪ੍ਰੋਗਰਾਮ ਦੀ ਕਨਵੀਨਰ ਮੇਜਰ ਬਿਅੰਤ ਕੌਰ ਨੇ ਅਵਿਨਾਸ਼ ਰਾਏ ਖੰਨਾ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਖੰਨਾ ਨੇ ਸਾਲ 2024 ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਨਿੱਜੀ ਤੌਰ ਤੇ ਮੁੱਦਾ ਉਠਾਇਆ ਸੀ, ਜਿਸ ਸਦਕਾ ਅੱਜ ਐੱਮਐੱਨਐੱਸ ਅਧਿਕਾਰੀਆਂ ਨੂੰ ਨਿਯਮਤ ਫੌਜ ਦੇ ਬਰਾਬਰ ਦਰਜਾ ਮਿਲਿਆ ਹੈ। ਅਧਿਕਾਰੀਆਂ ਨੇ ਅਵਿਨਾਸ਼ ਰਾਏ ਖੰਨਾ, ਸਮਾਜ ਸੇਵੀ ਅਸ਼ਵਨੀ ਜੋਸ਼ੀ ਅਤੇ ਕੈਪਟਨ ਗੁਰਪ੍ਰੀਤ ਕੌਰ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ। ਕੈਪਟਨ ਗੁਰਪ੍ਰੀਤ ਕੌਰ ਨੂੰ ਸੁਪਰੀਮ ਕੋਰਟ ਵਿੱਚ ਉਨ੍ਹਾਂ ਦੀ ਦਲੇਰਾਨਾ ਕਾਨੂੰਨੀ ਲੜਾਈ ਲਈ ਵਿਸ਼ੇਸ਼ ਤੌਰ ਤੇ ਸਲਾਹਿਆ ਗਿਆ। ਸਮਾਗਮ ਦੌਰਾਨ ਅਸ਼ਵਨੀ ਜੋਸ਼ੀ ਦੀ ਅਕਤੂਬਰ 2025 ਵਿੱਚ ਪ੍ਰਕਾਸ਼ਿਤ ਪੁਸਤਕ ਰਾਈਮਜ਼ ਆਫ ਰੈਜ਼ੀਲੀਅੰਸ ਐਮਐਨਐਸ ਸੈਂਟੀਨਰੀ ਪੋਇਟਿਕ ਐਂਥੋਲੋਜੀ ਦਾ ਜ਼ਿਕਰ ਕੀਤਾ ਗਿਆ, ਜਿਸ ਵਿੱਚ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਫਰਵਰੀ 2026 ਤੱਕ ਅੰਤਿਮ ਜਿੱਤ ਦੀ ਆਸ ਜਤਾਈ ਗਈ ਸੀ। 9 ਫਰਵਰੀ 2026 ਨੂੰ ਗਜ਼ਟ ਜਾਰੀ ਹੋਣ ਤੋਂ ਬਾਅਦ 13 ਫਰਵਰੀ ਨੂੰ ਰੱਖਿਆ ਮੰਤਰਾਲੇ ਵੱਲੋਂ ਹੁਕਮ ਜਾਰੀ ਕੀਤੇ ਗਏ ਅਤੇ 25 ਫਰਵਰੀ 2026 ਨੂੰ ਕੇਂਦਰੀ ਸੈਨਿਕ ਬੋਰਡ ਨੇ ਜ਼ਿਲ੍ਹਾ ਸੈਨਿਕ ਬੋਰਡਾਂ ਨੂੰ ਲਾਗੂ ਕਰਨ ਲਈ ਨਿਰਦੇਸ਼ ਭੇਜੇ।