1101 ਕੁੰਡੀਆ ਅਤਿ ਰੁਦਰ ਮਹਾਯੱਗ ਦਾ ਤੀਜਾ ਦਿਨ ਸ਼ਰਧਾ ਤੇ ਆਧਿਆਤਮਿਕ ਉਤਸ਼ਾਹ ਨਾਲ ਸੰਪੰਨ
1101 ਕੁੰਡੀਆ ਅਤਿ ਰੁਦਰ ਮਹਾਯੱਗ ਦਾ ਤੀਜਾ ਦਿਨ ਸ਼ਰਧਾ ਅਤੇ ਆਧਿਆਤਮਿਕ ਉਤਸ਼ਾਹ ਨਾਲ ਸੰਪੰਨ
Publish Date: Sat, 21 Feb 2026 08:42 PM (IST)
Updated Date: Sun, 22 Feb 2026 04:13 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਵਿਖੇ 19 ਫਰਵਰੀ ਤੋਂ 25 ਫਰਵਰੀ ਤੱਕ ਪਰਮ ਪਾਵਨ ਮਹੰਤ ਉਦੈਗਿਰੀ ਜੀ ਮਹਾਰਾਜ ਦੇ ਪਵਿੱਤਰ ਸੰਕਲਪ ਅਨੁਸਾਰ ਆਯੋਜਿਤ 1101 ਕੁੰਡੀਆ ਅਤਿ ਰੁਦਰ ਮਹਾਯੱਗ ਦਾ ਤੀਜਾ ਦਿਨ ਬੜੀ ਸ਼ਰਧਾ, ਵਿਸ਼ਵਾਸ ਅਤੇ ਆਧਿਆਤਮਿਕ ਉਤਸ਼ਾਹ ਨਾਲ ਸੰਪੰਨ ਹੋਇਆ। ਵੈਦਿਕ ਮੰਤਰਾਂ ਦੀ ਗੂੰਜ ਅਤੇ “ਹਰ-ਹਰ ਮਹਾਦੇਵ” ਦੇ ਜਾਪ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ। ਤੀਜੇ ਦਿਨ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਮੁੱਖ ਹਵਨ ਕੁੰਡ ਵਿੱਚ ਅਵਿਨਾਸ਼ ਰਾਏ ਖੰਨਾ ਅਤੇ ਸ਼੍ਰੀਮਤੀ ਮੀਨਾਕਸ਼ੀ ਖੰਨਾ, ਡਾ. ਹਰਸ਼ਵਿੰਦਰ ਪਠਾਨੀਆ, ਵਿਨੋਦ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ, ਦੀਪਕ ਮਹਿੰਦੀਰੱਤਾ ਆਪਣੇ ਪਰਿਵਾਰ ਸਮੇਤ ਅਤੇ ਰਵਿੰਦਰ ਸ਼ਰਮਾ ਆਪਣੀ ਧਰਮਪਤਨੀ ਸਮੇਤ ਯਜਮਾਨ ਵਜੋਂ ਸ਼ਾਮਲ ਹੋਏ। ਸਾਰੇ ਯਜਮਾਨਾਂ ਨੇ ਵੈਦਿਕ ਰਸਮਾਂ ਅਨੁਸਾਰ ਆਹੂਤੀਆਂ ਅਰਪਿਤ ਕਰਕੇ ਵਿਸ਼ਵ ਸ਼ਾਂਤੀ, ਵਾਤਾਵਰਣ ਸ਼ੁੱਧਤਾ ਅਤੇ ਸਮੂਹ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ। ਇਸ ਪਵਿੱਤਰ ਅਵਸਰ ‘ਤੇ ਸੰਤ ਮਹਾਂਪੁਰਖਾਂ ਦੀ ਮਾਣਮੱਤੀ ਹਾਜ਼ਰੀ ਨੇ ਸਮਾਗਮ ਦੀ ਮਹਿਮਾ ਹੋਰ ਵਧਾ ਦਿੱਤੀ। ਖਾਸ ਕਰਕੇ ਸ਼੍ਰੀ ਕਾਲੀ ਨਾਥ ਕਲੇਸ਼ਵਰ ਦੇ ਮੁਖੀ ਮਹੰਤ ਵਿਸ਼ਵਾਨੰਦ ਸਰਸਵਤੀ ਜੀ ਦੀ ਮੌਜੂਦਗੀ ਸ਼ਰਧਾਲੂਆਂ ਲਈ ਆਧਿਆਤਮਿਕ ਪ੍ਰੇਰਣਾ ਦਾ ਸਰੋਤ ਬਣੀ। ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਿਵ ਭਗਤ ਅਨੁਰਾਗ ਸੂਦ ਨੇ ਦੱਸਿਆ ਕਿ ਮਹਾਯੱਗ ਦੌਰਾਨ ਰੋਜ਼ਾਨਾ ਵਿਸ਼ੇਸ਼ ਪੂਜਾ, ਰੁਦ੍ਰਾਭਿਸ਼ੇਕ, ਪ੍ਰਵਚਨ ਅਤੇ ਵਿਸ਼ਾਲ ਭੰਡਾਰਾ ਲਗਾਤਾਰ ਜਾਰੀ ਹੈ। ਇਹ ਮਹਾਂ ਅਨੁਸ਼ਠਾਨ ਨਾ ਸਿਰਫ਼ ਧਾਰਮਿਕ ਆਸਥਾ ਦਾ ਪ੍ਰਤੀਕ ਹੈ, ਸਗੋਂ ਸਮਾਜਿਕ ਸਦਭਾਵਨਾ ਅਤੇ ਸਨਾਤਨ ਸੱਭਿਆਚਾਰ ਦੀ ਸੰਭਾਲ ਦਾ ਸੰਦੇਸ਼ ਵੀ ਦੇ ਰਿਹਾ ਹੈ। ਪੂਰੇ ਖੇਤਰ ਵਿੱਚ ਗੂੰਜ ਰਹੀ ਸ਼ਿਵ ਭਗਤੀ ਅਤੇ ਸ਼ਰਧਾਲੂਆਂ ਦਾ ਜੋਸ਼ ਇਸ ਮਹਾਯੱਗ ਨੂੰ ਇਤਿਹਾਸਕ ਰੂਪ ਦੇ ਰਹੇ ਹਨ। “ਹਰ ਹਰ ਮਹਾਦੇਵ” ਦੇ ਜਾਪ ਨਾਲ ਮਾਹੌਲ ਗੂੰਜਦਾ ਰਿਹਾ।