ਏਆਈ ਸੰਮੇਲਨ ਦਾ ਵਿਰੋਧ ਕਾਂਗਰਸ ਦੇ ਦੇਸ਼ਧ੍ਰੋਹੀ ਅਕਸ ਨੂੰ ਉਜਾਗਰ ਕਰਦਾ ਹੈ: ਤੀਕਸ਼ਣ ਸੂਦ
ਏਆਈ ਸੰਮੇਲਨ ਦਾ ਵਿਰੋਧ ਕਾਂਗਰਸ ਦੇ ਦੇਸ਼ਧ੍ਰੋਹੀ ਅਕਸ ਨੂੰ ਉਜਾਗਰ ਕਰਦਾ ਹੈ: ਤੀਕਸ਼ਣ ਸੂਦ
Publish Date: Sat, 21 Feb 2026 08:40 PM (IST)
Updated Date: Sun, 22 Feb 2026 04:13 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਪੰਜਾਬ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਨੇ ਕਾਂਗਰਸ ਪਾਰਟੀ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਜਿਵੇਂ ਚੀਨ ਅਤੇ ਪਾਕਿਸਤਾਨ ਭਾਰਤ ਦੀ ਤਰੱਕੀ ਤੋਂ ਦੁਖੀ ਹੁੰਦੇ ਹਨ, ਉਸੇ ਤਰ੍ਹਾਂ ਕਾਂਗਰਸ ਵੀ ਦੇਸ਼ ਦੀ ਹਰ ਪ੍ਰਾਪਤੀ ਤੋਂ ਪਰੇਸ਼ਾਨ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸੂਦ ਨੇ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਵਿਸ਼ਵ ਪੱਧਰੀ ਏਆਈ ਸੰਮੇਲਨ ਦਾ ਵਿਰੋਧ ਕਰਨ ਲਈ ਕਾਂਗਰਸ ਦੀ ਸਖ਼ਤ ਨਿੰਦਾ ਕੀਤੀ। ਤੀਕਸ਼ਣ ਸੂਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਆਈਟੀ ਅਤੇ ਏਆਈ ਤਕਨਾਲੋਜੀ ਵਿੱਚ ਦੁਨੀਆ ਦਾ ਮੋਹਰੀ ਦੇਸ਼ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਇਸ ਸੰਮੇਲਨ ਵਿੱਚ 80 ਦੇਸ਼ਾਂ ਨੇ ਹਿੱਸਾ ਲਿਆ, ਜੋ ਭਾਰਤ ਦੀ ਵਿਗਿਆਨਕ ਤਾਕਤ ਦਾ ਪ੍ਰਮਾਣ ਹੈ। ਕਾਂਗਰਸ ਦੇ ਬੁਲਾਰਿਆਂ ਵੱਲੋਂ ਇਸ ਨੂੰ ਮੂਰਖਤਾ ਅਤੇ ਧੋਖੇ ਦਾ ਤਿਉਹਾਰ ਕਹਿਣਾ ਦੇਸ਼ ਦੇ ਨੌਜਵਾਨਾਂ ਅਤੇ ਵਿਗਿਆਨੀਆਂ ਦਾ ਅਪਮਾਨ ਹੈ। ਭਾਜਪਾ ਆਗੂ ਨੇ ਪੁਰਾਣੇ ਸਮਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਦੋਂ ਵੀ ਉਨ੍ਹਾਂ ਨੇ ਦੇਸ਼ ਦੇ ਸਨਮਾਨ ਨੂੰ ਸਰਵਉੱਚ ਰੱਖਿਆ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਅਪਮਾਨਜਨਕ ਸ਼ਬਦ ਵਰਤੇ ਸਨ, ਤਾਂ ਨਰਿੰਦਰ ਮੋਦੀ ਨੇ ਸਖ਼ਤ ਸਟੈਂਡ ਲੈਂਦਿਆਂ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਪਮਾਨ 125 ਕਰੋੜ ਭਾਰਤੀਆਂ ਦਾ ਅਪਮਾਨ ਹੈ। ਪਰ ਇਸ ਦੇ ਉਲਟ, ਕਾਂਗਰਸ ਅੱਜ ਦੇਸ਼ ਦੀਆਂ ਪ੍ਰਾਪਤੀਆਂ ਤੇ ਹੀ ਸਵਾਲ ਚੁੱਕ ਰਹੀ ਹੈ। ਸੂਦ ਨੇ ਕਿਹਾ ਏਆਈ ਵਿੱਚ ਮੁਹਾਰਤ ਹਾਸਲ ਕਰਨਾ ਅੱਜ ਮਨੁੱਖ ਲਈ ਸਾਹ ਲੈਣ ਜਿੰਨਾ ਮਹੱਤਵਪੂਰਨ ਹੈ। ਕਾਂਗਰਸ ਵੱਲੋਂ ਇਸ ਤਕਨੀਕੀ ਕ੍ਰਾਂਤੀ ਦਾ ਵਿਰੋਧ ਕਰਨਾ ਉਨ੍ਹਾਂ ਦੀ ਨਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। । ਇਸ ਮੌਕੇ ‘ਤੇ ਭਾਜਪਾ ਨੇਤਾ ਸੁਰੇਸ਼ ਭਾਟੀਆ (ਜ਼ਿਲ੍ਹਾ ਜਨਰਲ ਸਕੱਤਰ ਅਤੇ ਸਾਬਕਾ ਕੌਂਸਲਰ), ਅਸ਼ਵਨੀ ਗੇਂਦ (ਜ਼ਿਲ੍ਹਾ ਸਕੱਤਰ), ਰਾਜੇਸ਼ ਸ਼ਰਮਾ, ਨੀਰਜ ਗੇਂਦ ਅਤੇ ਪੁਨੀਤ ਸ਼ਰਮਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸੰਮੇਲਨ ਦੇ ਵਿਰੋਧ ਦੇ ਨਾਂ ‘ਤੇ ਕੀਤੀਆਂ ਜਾ ਰਹੀਆਂ ਹਰਕਤਾਂ ਦੇਸ਼ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹਨ ਅਤੇ ਲੋਕ ਅਜਿਹੀ ਰਾਜਨੀਤੀ ਨੂੰ ਕਦੇ ਮਾਫ਼ ਨਹੀਂ ਕਰਨਗੇ।