ਬੀਐੱਸਐੱਫ ਦੇ 458 ਨਵੇਂ ਜਵਾਨ ਦੇਸ਼ ਦੀ ਸੇਵਾ ਲਈ ਤਿਆਰ
ਬੀਐਸਐਫ ਦੇ 458 ਨਵੇਂ ਜਵਾਨ ਦੇਸ਼ ਦੀ ਸੇਵਾ ਲਈ ਤਿਆਰ, ਖੜਕਾ ਕੈਂਪ ਵਿਖੇ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ
Publish Date: Sat, 21 Feb 2026 08:31 PM (IST)
Updated Date: Sun, 22 Feb 2026 04:13 AM (IST)

ਖੜਕਾ ਕੈਂਪ ਵਿਖੇ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਸਹਾਇਕ ਸਿਖਲਾਈ ਕੇਂਦਰ, ਖੜਕਾ ਕੈਂਪ ਵਿਖੇ ਅੱਜ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਮਾਹੌਲ ਵਿੱਚ ਬੈਚ ਨੰਬਰ 277 ਅਤੇ 278 ਦੇ 458 ਨਵੇਂ ਭਰਤੀ ਹੋਏ ਜਵਾਨਾਂ ਦੀ ਪਾਸਿੰਗ ਆਊਟ ਪਰੇਡ ਅਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਸਹਾਇਕ ਸਿਖਲਾਈ ਕੇਂਦਰ ਦੇ ਸ਼ਹੀਦ ਸਤਪਾਲ ਚੌਧਰੀ ਪਰੇਡ ਗਰਾਊਂਡ ਵਿੱਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਤੋਂ ਬਾਅਦ ਇਹ ਜਵਾਨ ਹੁਣ ਅਧਿਕਾਰਤ ਤੌਰ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਕੀਤੇ ਜਾਣਗੇ। ਬਾਕਸ-- ਮੁੱਖ ਮਹਿਮਾਨ ਨੇ ਲਈ ਸਲਾਮੀ ਸਮਾਗਮ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ, ਬੀਐੱਸਐੱਫ (ਪੱਛਮੀ ਕਮਾਂਡ) ਸਤੀਸ਼ ਸ਼੍ਰੀਰਾਮਜੀ ਖੰਡਾਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦਾ ਸਵਾਗਤ ਸਹਾਇਕ ਸਿਖਲਾਈ ਕੇਂਦਰ ਖੜਕਾ ਦੇ ਇੰਸਪੈਕਟਰ ਜਨਰਲ ਚਾਰੂ ਧਵਜ ਅਗਰਵਾਲ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਜਵਾਨਾਂ ਨੇ ਮੁੱਖ ਮਹਿਮਾਨ ਨੂੰ ਜਨਰਲ ਸਲਾਮੀ ਦਿੱਤੀ। ਪਰੇਡ ਦੀ ਕਮਾਂਡ ਰਾਜਸਥਾਨ ਦੇ ਨਵੇਂ ਕਾਂਸਟੇਬਲ ਆਸ਼ੀਸ਼ ਚੌਹਾਨ ਨੇ ਬੜੇ ਹੀ ਦਿਲਕਸ਼ ਅੰਦਾਜ਼ ਵਿੱਚ ਕੀਤੀ। ਬਾਕਸ-- ਹੋਣਹਾਰ ਜਵਾਨਾਂ ਦਾ ਸਨਮਾਨ ਸਿਖਲਾਈ ਦੌਰਾਨ ਇਨਡੋਰ ਅਤੇ ਆਊਟਡੋਰ ਵਿਸ਼ਿਆਂ ਵਿੱਚ ਮੱਲਾਂ ਮਾਰਨ ਵਾਲੇ ਜਵਾਨਾਂ ਨੂੰ ਮੁੱਖ ਮਹਿਮਾਨ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਖੰਡਾਰੇ ਨੇ ਜਵਾਨਾਂ ਦੇ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਐਸਐਫ ਨੂੰ ਕਰੀਅਰ ਵਜੋਂ ਚੁਣਨਾ ਮਾਣ ਵਾਲੀ ਗੱਲ ਹੈ। ਮੈਨੂੰ ਉਮੀਦ ਹੈ ਕਿ ਇਹ ਨਵੇਂ ਜਵਾਨ ਪੂਰੀ ਇਮਾਨਦਾਰੀ ਅਤੇ ਹਿੰਮਤ ਨਾਲ ਦੇਸ਼ ਦੀ ਸੇਵਾ ਕਰਨਗੇ। ਬਾਕਸ-- ਸਿਖਲਾਈ ਟੀਮ ਦੀ ਹੋਈ ਸ਼ਲਾਘਾ ਮੁੱਖ ਮਹਿਮਾਨ ਨੇ ਆਈ.ਜੀ. ਚਾਰੂ ਧਵਜ ਅਗਰਵਾਲ, ਕਮਾਂਡੈਂਟ (ਟ੍ਰੇਨਿੰਗ) ਬੀਰੇਂਦਰ ਕੁਮਾਰ ਅਤੇ ਸਮੁੱਚੀ ਸਿਖਲਾਈ ਟੀਮ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਨ੍ਹਾਂ ਜਵਾਨਾਂ ਨੂੰ ਸਖ਼ਤ ਮਿਹਨਤ ਨਾਲ ਮਾਨਸਿਕ ਅਤੇ ਸਰੀਰਕ ਤੌਰ ਤੇ ਮਜ਼ਬੂਤ ਸੀਮਾ ਪ੍ਰਹਰੀ ਵਜੋਂ ਤਿਆਰ ਕੀਤਾ ਹੈ। ਇਸ ਮੌਕੇ ਨਵ-ਨਿਯੁਕਤ ਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਆਪਣੇ ਬੱਚਿਆਂ ਨੂੰ ਵਰਦੀ ਵਿੱਚ ਦੇਸ਼ ਦੀ ਸੇਵਾ ਦੀ ਸਹੁੰ ਚੁੱਕਦੇ ਦੇਖ ਮਾਪਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਫ਼ਖ਼ਰ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਸਮਾਗਮ ਵਿੱਚ ਬੀਐਸਐਫ ਦੇ ਸੇਵਾਮੁਕਤ ਅਧਿਕਾਰੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।