ਜਲ ਸਪਲਾਈ ਕਾਮੇ 24 ਨੂੰ ਮੋਹਾਲੀ ’ਚ ਆਰੰਭਣਗੇ ਰੋਸ ਧਰਨਾ
ਜਲ ਸਪਲਾਈ ਕਾਮੇ 24 ਨੂੰ ਮੋਹਾਲੀ ਵਿਖੇ ਆਰੰਭਣਗੇ ਰੋਸ ਧਰਨਾ
Publish Date: Fri, 20 Feb 2026 07:06 PM (IST)
Updated Date: Sat, 21 Feb 2026 04:13 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਅਹਿਮ ਮੀਟਿੰਗ ਸਥਾਨਕ ਰੈੱਸਟ ਹਾਊਸ ਵਿਖੇ ਕਰਵਾਈ ਗਈ। ਮੀਟਿੰਗ ਵਿੱਚ ਬ੍ਰਾਂਚ ਮੁਕੇਰੀਆਂ ਦੇ ਸਮੂਹ ਕਾਮਿਆਂ ਨੇ ਭਰਪੂਰ ਹਾਜ਼ਰੀ ਭਰੀ ਅਤੇ ਦਰਪੇਸ਼ ਸਮੱਸਿਆਵਾਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਵਿਭਾਗ ਵੱਲੋਂ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਕਾਮਿਆਂ ਦੀ ਛਾਂਟੀ ਸਬੰਧੀ ਜਾਰੀ ਕੀਤੇ ਪੱਤਰ ਦਾ ਸਖ਼ਤ ਤੇ ਪੁਰਜ਼ੋਰ ਵਿਰੋਧ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਫ਼ੈਸਲਾ ਮਜ਼ਦੂਰ ਵਿਰੋਧੀ ਹੈ ਅਤੇ ਲੰਬੇ ਸਮੇਂ ਤੋਂ ਸੇਵਾ ਨਿਭਾਅ ਰਹੇ ਕਾਮਿਆਂ ਨਾਲ ਨਾ-ਇਨਸਾਫ਼ੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਤਾਨਾਸ਼ਾਹੀ ਫ਼ੈਸਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਜਥੇਬੰਦੀ ਇਕਜੁੱਟਾ ਨਾਲ ਇਸ ਫ਼ੈਸਲੇ ਨੂੰ ਰੱਦ ਕਰਵਾ ਕੇ ਰਹੇਗੀ। ਮੀਟਿੰਗ ਵਿੱਚ ਸਾਰੇ ਕਾਮਿਆਂ ਵੱਲੋਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜੇ ਵਿਭਾਗ ਵੱਲੋਂ ਉਕਤ ਪੱਤਰ ਤੁਰੰਤ ਵਾਪਸ ਨਾ ਲਿਆ ਗਿਆ ਤਾਂ 24 ਫਰਵਰੀ ਨੂੰ ਐੱਚਓਡੀ ਦਫ਼ਤਰ ਮੋਹਾਲੀ ਵਿਖੇ ਪਰਿਵਾਰਾਂ ਸਮੇਤ ਅਣਮਿੱਥੇ ਸਮੇਂ ਲਈ ਰੋਸ ਧਰਨਾ ਆਰੰਭਿਆ ਜਾਵੇਗਾ, ਜੋ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ ਤੇ ਭਰਾਤਰੀ ਜਥੇਬੰਦੀਆਂ ਵੀ ਇਸ ਵਿੱਚ ਸ਼ਮੂਲੀਅਤ ਕਰਨਗੀਆਂ। ਮੀਟਿੰਗ ਵਿੱਚ ਜਲ ਸਪਲਾਈ ਵਿਭਾਗ ਵੱਲੋਂ ਕੀਤੇ ਜੇ ਰਹੇ ਪੰਚਾਇਤੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਵੀ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਕਾਮਿਆਂ ਨੇ ਚਿੰਤਾ ਪ੍ਰਗਟਾਈ ਕਿ ਇਹ ਨੀਤੀਆਂ ਸਰਕਾਰੀ ਸੇਵਾਵਾਂ ਅਤੇ ਰੁਜ਼ਗਾਰ ਦੋਵਾਂ ਲਈ ਘਾਤਕ ਹਨ। ਮੀਟਿੰਗ ਵਿੱਚ ਬ੍ਰਾਂਚ ਪ੍ਰਧਾਨ ਰਜਤ ਕੁਮਾਰ, ਮਨਜੀਤ ਸਿੰਘ ਦੇਲਾਂ, ਸਰਦਾਰੂ ਲਾਲ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਾਮਿਆਂ ਨੇ ਸ਼ਮੂਲੀਅਤ ਕਰਦੇ ਹੋਏ ਸੰਘਰਸ਼ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।