8ਵੀਂ ਦੇ ਵਿਗਿਆਨ ਦੇ ਪੇਪਰ ’ਚ ਤਰੁੱਟੀਆਂ, ਵਿਦਿਆਰਥੀ ਹੋਏ ਪਰੇਸ਼ਾਨ
ਅੱਠਵੀਂ ਦੇ ਵਿਗਿਆਨ ਦੇ ਪੇਪਰ ਵਿੱਚ ਤਰੁਟੀਆਂ ਕਾਰਨ ਵਿਦਿਆਰਥੀ ਹੋਏ ਪਰੇਸ਼ਾਨ
Publish Date: Fri, 20 Feb 2026 06:46 PM (IST)
Updated Date: Sat, 21 Feb 2026 04:10 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਸ਼ੁੱਕਰਵਾਰ ਨੂੰ 8ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਪੇਪਰ ਵਿੱਚ ਮਾਂ ਬੋਲੀ ਪੰਜਾਬੀ ਅਨੁਵਾਦ ਵਾਲੇ 15 ਨੰਬਰ ਦੇ ਪ੍ਰਸ਼ਨ ਹੀ ਗਾਇਬ ਪਾਏ ਗਏ ਜੋ ਕਿ ਵਿਦਿਆਰਥੀਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਿਆ। ਜਾਣਕਾਰੀ ਅਨੁਸਾਰ ਅੱਠਵੀਂ ਜਮਾਤ ਦੇ ਸਾਇੰਸ ਦੇ ਪੇਪਰ ਵਿੱਚੋਂ ਪੰਜਾਬੀ ਅਨੁਵਾਦ ਵਾਲੇ ਪੰਜ ਨੰਬਰ ਦੇ 3 ਪ੍ਰਸ਼ਨ ਗਾਇਬ ਪਾਏ ਗਏ ਜਿਸ ਕਾਰਨ ਪ੍ਰੀਖਿਆ ਕੇਂਦਰ ਵਿੱਚ ਬੈਠੇ ਵਿਦਿਆਰਥੀ ਪਰੇਸ਼ਾਨ ਹੋ ਗਏ। ਦੱਸਣਯੋਗ ਹੈ ਕਿ ਅੱਠਵੀਂ ਜਮਾਤ ਦੇ ਪੇਪਰ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2.15 ਵਜੇ ਤੱਕ ਹੈ। ਕਰੀਬ ਡੇਢ ਘੰਟਾ ਵਿਦਿਆਰਥੀ ਪਰੇਸ਼ਾਨ ਰਹੇ, ਜਿਸ ਉਪਰੰਤ ਪ੍ਰੀਖਿਆ ਕੇਂਦਰ ਦੇ ਅਮਲੇ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਾਲੇ ਪੰਜ ਨੰਬਰ ਦੇ ਤਿੰਨ ਪ੍ਰਸ਼ਨ ਨੰਬਰ 28, 29 ਅਤੇ 30 ਦਾ ਵਿਦਿਆਰਥੀਆਂ ਨੂੰ ਜ਼ੁਬਾਨੀ ਬੋਲ ਕੇ ਅਨੁਵਾਦ ਕਰ ਕੇ ਲਿਖਾਏ ਜਾਣ ਦਾ ਸੰਦੇਸ਼ ਆਉਂਦਾ ਹੈ। ਇਸ ਉਪਰੰਤ ਵਿਦਿਆਰਥੀਆਂ ਦੀ ਜਾਨ ’ਚ ਜਾਨ ਆਉਂਦੀ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਵਿਦਿਆਰਥੀ ਪੰਜਾਬੀ ਮਾਧਿਅਮ ਵਿੱਚ ਹੀ ਪੇਪਰ ਦਿੰਦੇ ਹਨ ਅਤੇ ਪੇਪਰ ’ਚੋਂ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ’ਚ ਪੂਰੇ ਪ੍ਰਸ਼ਨ ਅਤੇ ਮਾਂ ਬੋਲੀ ਪੰਜਾਬੀ ਵਿੱਚ ਤਿੰਨ ਪ੍ਰਸ਼ਨ ਨਾ ਹੋਣ ਕਾਰਨ ਵਿਦਿਆਰਥੀ ਘਬਰਾ ਗਏ ਸਨ। ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਸੇ ਵੀ ਵਿਦਿਆਰਥੀ ਦੀ ਦਰੁਸਤ ਕਰਵਾਉਣ ਲਈ ਮੋਟੀਆਂ ਫੀਸਾਂ ਲਈਆਂ ਜਾਂਦੀਆਂ ਹਨ ਤੇ ਖੁਦ ਅਤੇ ਖੁਦ ਬੋਰਡ ਵੱਲੋਂ ਅਜਿਹੀ ਅਣਗਹਿਲੀ ਕਰਨਾ ਬੋਰਡ ਦੀ ਕਾਰਗੁਜ਼ਾਰੀ ਤੇ ਵੱਡਾ ਪ੍ਰਸ਼ਨ ਚਿੰਨ ਲਗਾਉਂਦਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਿੰਦਰਜੀਤ ਕੌਰ ਨੇ ਕਿਹਾ ਕਿ ਪੇਪਰ ਦੇ ਪ੍ਰਸ਼ਨ 3 ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਆਉਂਦੇ ਹਨ। ਉਨਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਬੰਧੀ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਾਲੇ ਤਿੰਨ ਪ੍ਰਸ਼ਨਾਂ ਦਾ ਅਨੁਵਾਦ ਕਰ ਕੇ ਲਿਖਵਾਉਣ ਲਈ ਸੰਦੇਸ਼ ਆਇਆ ਹੈ।