ਮੋਟਰਸਾਈਕਲ ਤੇ ਸਕੂਲੀ ਬੱਸ ਦਰਮਿਆਨ ਟੱਕਰ ’ਚ ਇੱਕ ਦੀ ਮੌਤ
ਮੋਟਰ ਸਾਈਕਲ ਤੇ ਸਕੂਲੀ ਬੱਸ ਦਰਮਿਆਨ ਟੱਕਰ ‘ਚ ਇੱਕ ਦੀ ਮੌਤ
Publish Date: Fri, 20 Feb 2026 06:44 PM (IST)
Updated Date: Sat, 21 Feb 2026 04:10 AM (IST)

ਅੱਡਾ ਝੀਰ ਦਾ ਖੂਹ ਕੋਲ ਹੰਦਵਾਲ ਮੋੜ ’ਤੇ ਵਾਪਰਿਆ ਹਾਦਸਾ; ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ: ਅੱਡਾ ਝੀਰ ਦਾ ਖੂਹ ਵਿਖੇ ਨਿੱਜੀ ਸਕੂਲ ਦੀ ਬੱਸ ਅਤੇ ਮੋਟਰ ਸਾਈਕਲ ਦਰਮਿਆਨ ਵਾਪਰੇ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਵਿਆਕਤੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਸਕੂਲੀ ਬੱਸ ਦਾ ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਇੱਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੱਸ ਚਾਲਕ ਦੇ ਬੱਚਿਆਂ ਵਾਲੀ ਬੱਸ ਇੱਕਦਮ ਮੋੜਨ ਕਾਰਨ ਇਹ ਹਾਦਸਾ ਵਾਪਰਿਆ ਦਿਸ ਰਿਹਾ ਹੈ। ਜਾਣਕਾਰੀ ਅਨੁਸਾਰ ਵਿਜੇ ਕੁਮਾਰ (41 ਸਾਲ) ਪੁੱਤਰ ਸ਼ੁਕਰ ਕੁਮਾਰ, ਵਾਸੀ ਲੁਧਿਆੜ, ਤਹਿਸੀਲ ਮੁਕੇਰੀਆਂ ਆਪਣੇ ਮੋਟਰਸਾਈਕਲ ’ਤੇ ਹਾਜੀਪੁਰ ਤੋਂ ਤਲਵਾੜਾ ਸਾਈਡ ਨੂੰ ਆ ਰਿਹਾ ਸੀ। ਜਦੋਂ ਇਹ ਅੱਡਾ ਝੀਰ ਦਾ ਖੂਹ ਕੋਲ ਪੈਂਦੇ ਹੰਦਵਾਲ ਮੋੜ ’ਤੇ ਪੁੱਜਾ ਤਾਂ ਅੱਡਾ ਝੀਰ ਦਾ ਖੂਹ ਤੋਂ ਹੰਦਵਾਲ ਨੂੰ ਜਾ ਰਹੀ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਨਿੱਜੀ ਸਕੂਲ ਦੀ ਬੱਸ ਨਾਲ ਇਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਜੇ ਕੁਮਾਰ ਗੰਭੀਰ ਜ਼ਖਮੀ ਹੋ ਕੇ ਸੜਕ ’ਤੇ ਡਿੱਗਾ ਗਿਆ, ਜਦਕਿ ਸਕੂਲੀ ਬੱਸ ਦਾ ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਸਥਾਨਕ ਲੋਕਾਂ ਵਲੋਂ ਜ਼ਖਮੀ ਨੂੰ ਹਾਜੀਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਸ ਦੀ ਰਸਤੇ ’ਚ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਤਲਵਾੜਾ ਪੁਲੀਸ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾਘਰ ਵਿਖੇ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।