ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਖਾਦ ਪਦਾਰਥਾਂ ਦੇ ਸੈਂਪਲ ਭਰੇ
-ਤਿਉਹਾਰਾਂ ਮੌਕੇ ਖਾਧ ਸਮੱਗਰੀ ਦੀ
Publish Date: Mon, 13 Oct 2025 06:55 PM (IST)
Updated Date: Tue, 14 Oct 2025 04:05 AM (IST)

ਅੰਕੁਸ਼ ਗੋਇਲ,ਪੰਜਾਬੀ ਜਾਗਰਣ,ਹੁਸ਼ਿਆਰਪੁਰ : ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਗੜ੍ਹਦੀਵਾਲਾ, ਦਸੂਹਾ ਅਤੇ ਟਾਂਡਾ ਖੇਤਰਾਂ ਵਿੱਚ ਖ਼ਾਸ ਤੌਰ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਮਾਣਯੋਗ ਕਮਿਸ਼ਨਰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ (IAS), ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸਿਕਾ ਜੈਨ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਜਤਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਫੂਡ ਸੇਫਟੀ ਅਫ਼ਸਰ ਸ੍ਰੀ ਮੁਨੀਸ਼ ਸੋਢੀ ਨੇ ਕੀਤੀ। ਚੈਕਿੰਗ ਟੀਮ ਵੱਲੋਂ ਤਿਉਹਾਰਾਂ ਦੌਰਾਨ ਵਰਤੇ ਜਾਣ ਵਾਲੇ ਖਾਧ ਪਦਾਰਥਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ ਤਾਂ ਜੋ ਜਨਤਾ ਨੂੰ ਮਿਲਣ ਵਾਲਾ ਖਾਣਾ ਸੁਰੱਖਿਅਤ ਅਤੇ ਮਿਆਰੀ ਹੋਵੇ। ਚੈਕਿੰਗ ਦੌਰਾਨ ਗੜ੍ਹਦੀਵਾਲਾ, ਦਸੂਹਾ ਅਤੇ ਟਾਂਡਾ ਦੇ ਵੱਖ-ਵੱਖ ਖੇਤਰਾਂ ਤੋਂ ਕੁੱਲ 5 ਨਮੂਨੇ ਇਕੱਤਰ ਕੀਤੇ ਗਏ। ਜਿਨ੍ਹਾਂ ਵਿੱਚੋਂ 2 ਖੋਏ ਦੇ, 2 ਦੇਸੀ ਘੀ ਦੇ, ਅਤੇ 1 ਤਿਆਰ ਮਿੱਠਾਈ ਦਾ ਨਮੂਨਾ ਸ਼ਾਮਲ ਹੈ। ਸਾਰੇ ਨਮੂਨੇ ਜਾਂਚ ਲਈ ਸਟੇਟ ਫੂਡ ਲੈਬੋਰਟਰੀ ਖਰੜ ਭੇਜੇ ਗਏ ਹਨ। ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕਿਸੇ ਵੀ ਨਮੂਨੇ ਵਿੱਚ ਮਿਆਰ ਤੋਂ ਘਾਟ ਪਾਈ ਗਈ ਤਾਂ ਖਾਧ ਸੁਰੱਖਿਆ ਐਕਟ ਦੇ ਅਧੀਨ ਉਚਿਤ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਜਿਲਾ ਸਿਹਤ ਅਫਸਰ ਡਾ.ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਟੀਮ ਨੇ ਜਨਤਾ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੌਰਾਨ ਖਾਣ-ਪੀਣ ਸਮੱਗਰੀ ਖਰੀਦਦਿਆਂ ਸਾਵਧਾਨੀ ਵਰਤਣ, ਸਿਰਫ਼ ਮਿਆਰੀ ਅਤੇ ਲਾਇਸੰਸ ਪ੍ਰਾਪਤ ਵਿਕਰੇਤਾਵਾਂ ਤੋਂ ਹੀ ਵਸਤਾਂ ਖਰੀਦਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਫੂਡ ਸੇਫਟੀ ਵਿਭਾਗ ਨਾਲ ਤੁਰੰਤ ਸੰਪਰਕ ਕਰਨ। ਇਸ ਦੇ ਨਾਲ ਹੀ ਸਾਰੇ ਮਿਠਾਈ ਵਿਕਰੇਤਾਵਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਮਿਠਾਈ ਤਿਆਰ ਕਰਦੇ ਅਤੇ ਵੇਚਦੇ ਸਮੇਂ ਟੋਪੀਆਂ ਅਤੇ ਗਲਵਜ਼ ਲਾਜ਼ਮੀ ਤੌਰ ’ਤੇ ਪਹਿਨਣ, ਤਾਂ ਜੋ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਹੋ ਸਕੇ।