ਇੱਕ ਹੋਰ ਮਾਮਲੇ ਵਿੱਚ ਥਾਣਾ ਚੱਬੇਵਾਲ ਦੀ ਪੁਲਿਸ ਪਾਰਟੀ ਏ.ਐਸ.ਆਈ ਪਰਮਜੀਤ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ। ਪੁਲਿਸ ਮੁਤਾਬਕ ਪਿੰਡ ਭਾਮ ਨੇੜੇ ਇੱਕ ਵਿਅਕਤੀ ਅੰਬ ਦੇ ਦਰੱਖਤ ਹੇਠ ਖੜਾ ਦਿਖਾਈ ਦਿੱਤਾ ਜੋ ਪੁਲਿਸ ਗੱਡੀ ਨੂੰ ਵੇਖ ਕੇ ਉਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਸ਼ਾ ਤਸਕਰੀ ਅਤੇ ਨਸ਼ਾਖੋਰੀ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਇਨ੍ਹਾਂ ਮਾਮਲਿਆਂ ਵਿੱਚ ਦੋ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਦੋਂ ਕਿ ਇੱਕ ਨੌਜਵਾਨ ਨੂੰ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਗੱਡੀ ਦੇਖ ਕੇ ਘਾਹ 'ਚ ਲਿਫਾਫਾ ਸੁੱਟਣ ਵਾਲਾ ਚੜ੍ਹਿਆ ਅੜਿੱਕੇ
ਪੁਲਿਸ ਮੁਤਾਬਕ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਏ.ਐਸ.ਆਈ ਮਹਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਪਿੰਡ ਛਾਗਲਾ ਦੇ ਗੁਰਦੁਆਰਾ ਮੋੜ ਨੇੜੇ ਪੁੱਜੀ ਤਾਂ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾਹਟ ਵਿੱਚ ਤੇਜ਼ੀ ਨਾਲ ਤੁਰਨ ਲੱਗ ਪਿਆ।
ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਨੇ ਆਪਣੀ ਕੈਪਰੀ ਦੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਘਾਹ ਵਿੱਚ ਸੁੱਟ ਦਿੱਤਾ। ਸ਼ੱਕ ਦੇ ਆਧਾਰ 'ਤੇ ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਲਿਫਾਫੇ ਦੀ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਲਿਫਾਫੇ ਵਿੱਚੋਂ ਕਥਿਤ ਤੌਰ 'ਤੇ 41 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਜਤਿੰਦਰ ਸਿੰਘ ਉਰਫ਼ ਫੌਜੀ ਪੁੱਤਰ ਬਲਵੀਰ ਸਿੰਘ ਵਾਸੀ ਬੁਧੋ ਬਰਕਤ, ਦਸੂਹਾ ਵਜੋਂ ਹੋਈ ਹੈ।
ਅੰਬਾਂ ਦੇ ਬਾਗ 'ਚ ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਇੱਕ ਹੋਰ ਮਾਮਲੇ ਵਿੱਚ ਥਾਣਾ ਚੱਬੇਵਾਲ ਦੀ ਪੁਲਿਸ ਪਾਰਟੀ ਏ.ਐਸ.ਆਈ ਪਰਮਜੀਤ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ। ਪੁਲਿਸ ਮੁਤਾਬਕ ਪਿੰਡ ਭਾਮ ਨੇੜੇ ਇੱਕ ਵਿਅਕਤੀ ਅੰਬ ਦੇ ਦਰੱਖਤ ਹੇਠ ਖੜਾ ਦਿਖਾਈ ਦਿੱਤਾ ਜੋ ਪੁਲਿਸ ਗੱਡੀ ਨੂੰ ਵੇਖ ਕੇ ਉਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ।
ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਪੁਲਿਸ ਅਨੁਸਾਰ ਉਸ ਦੇ ਕੱਪੜਿਆਂ ਦੀ ਜੇਬ ਵਿੱਚੋਂ ਇੱਕ ਕਾਲਾ ਲਿਫਾਫਾ ਬਰਾਮਦ ਹੋਇਆ ਜਿਸ ਵਿੱਚੋਂ ਕਥਿਤ ਤੌਰ 'ਤੇ 20 ਨਸ਼ੀਲੀਆਂ ਗੋਲੀਆਂ ਮਿਲੀਆਂ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਮੁਨੀਸ਼ ਕੁਮਾਰ ਉਰਫ਼ ਸੋਨੂ ਪੁੱਤਰ ਸੋਹਣ ਲਾਲ ਵਾਸੀ ਪਿੰਡ ਭਾਮ ਵਜੋਂ ਹੋਈ ਹੈ।
ਨਸ਼ੇ ਦੀ ਹਾਲਤ 'ਚ ਘੁੰਮਦਾ ਨੌਜਵਾਨ ਕਾਬੂ, ਡੋਪ ਟੈਸਟ ਆਇਆ ਪਾਜ਼ੇਟਿਵ
ਥਾਣਾ ਸਦਰ ਦੀ ਪੁਲਿਸ ਨੂੰ ਇੱਕ ਖੁਫੀਆ ਸੂਚਨਾ ਮਿਲੀ ਕਿ ਇੱਕ ਵਿਅਕਤੀ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿੱਚ ਅੱਡਾ ਜਹਾਨਖੇਲਾ ਨੇੜੇ ਘੁੰਮ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਐਸ.ਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ।
ਪੁਲਿਸ ਨੇ ਦੱਸਿਆ ਕਿ ਮੌਕੇ 'ਤੇ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਕਾਬੂ ਕਰਕੇ ਉਸ ਦੀ ਪਛਾਣ ਅਮਨ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਜਹਾਨਖੇਲਾ ਵਜੋਂ ਹੋਈ।
ਪੁਲਿਸ ਮੁਤਾਬਕ ਉਸ ਦਾ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ ਗਿਆ ਜੋ ਕਥਿਤ ਤੌਰ 'ਤੇ ਪਾਜ਼ੀਟਿਵ ਆਇਆ।
ਪੁਲਿਸ ਨੇ ਤਿੰਨਾਂ ਮਾਮਲਿਆਂ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰ ਲਏ ਹਨ ਅਤੇ ਮਾਮਲਿਆਂ ਦੀ ਜਾਂਚ ਜਾਰੀ ਹੈ।